ਅੰਮ੍ਰਿਤਸਰ- ਅੰਮ੍ਰਿਤਸਰ ‘ਚ ਤਿੰਨ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ ਇਹ ਘਟਨਾ ਵੇਰਕਾ ਦੇ ਸਟਾਰ ਐਵੀਨਿਊ ਇਲਾਕੇ ਦੀ ਹੈ ਜਿਥੇ ਲੁੱਟ ਕਰਨ ਆਏ ਨੌਜਵਾਨ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਲੁਟੇਰੇ ਹਥਿਆਰਾਂ ਨਾਲ ਲੈਸ ਹੋ ਕੇ ਸੁਨਿਆਰੇ ਜਗਜੀਤ ਦੇ ਘਰ ਆਏ ਸਨ ਪਰ ਜਗਜੀਤ ਘਰ ਨਹੀਂ ਪਰ ਇਸ ਦੌਰਾਨ ਘਰ ਸੁਨਿਆਰੇ ਦੀ ਪਤਨੀ ਅਤੇ ਦੋ ਛੋਟੇ ਮਾਸੂਮ ਬੱਚੇ ਮੌਜੂਦ ਸਨ।ਪੀੜਤ ਔਰਤ ਨੇ ਦੱਸਿਆ ਕਿ ਲੁਟੇਰੇ ਘਰ ਦੀ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਅਤੇ ਇਸ ਦੌਰਾਨ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ।
ਇਹ ਦੇਖਦਿਆਂ ਹੀ ਔਰਤ ਵੱਲੋਂ ਬਹਾਦਰੀ ਨਾਲ ਆਪਣੇ ਦੋਵੇਂ ਛੋਟੇ ਬੱਚਿਆਂ ਕਮਰੇ ‘ਚ ਬੰਦ ਕੀਤਾ ਅਤੇ ਘਰ ਦੇ ਸਾਰੇ ਦਰਵਾਜ਼ੇ ਬੰਦ ਕਰਕੇ ਉੱਚੀ-ਉੱਚੀ ਮਦਦ ਲਈ ਆਵਾਜ਼ਾਂ ਲਗਾਉਣ ਲੱਗੀ। ਇਸ ਦੌਰਾਨ ਲੁਟੇਰੇ ਮੌਕੇ ‘ਤੇ ਫਰਾਰ ਹੋ ਗਏ ਅਤੇ ਸਾਰੀ ਘਟਨਾ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈਆਂ। ਇਸ ਦੌਰਾਨ ਪੂਰਾ ਪਰਿਵਾਰ ਸਹਿਮ ਦੇ ਮਾਹੌਲ ‘ਚ ਹੈ। ਪੀੜਤ ਦਾ ਕਹਿਣਾ ਹੈ ਜਦੋਂ ਇਸ ਮਾਮਲੇ ਦੀ ਸੂਚਨਾ ਲਈ ਥਾਣਾ ਵੇਰਕੇ ਦੀ ਪੁਲਸ ਅਧਿਕਾਰੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਵੱਲੋਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਗਿਆ।