ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਕ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਨਾਲ ਹੋਰ ਅਕਾਲੀ ਆਗੂ ਵੀ ਆਪੋ-ਆਪਣੀ ਸਜ਼ਾ ਭੁਗਤਣ ਲਈ ਆ ਚੁੱਕੇ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਹੱਥ ਵਿਚ ਬਰਛਾ ਫੜਿਆ ਹੋਇਆ ਹੈ ਤੇ ਉਨ੍ਹਾਂ ਦੇ ਗਲ਼ ਵਿਚ ਤਖ਼ਤੀ ਵੀ ਪਾਈ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਸੇਵਾਦਾਰਾਂ ਵਾਲੀ ਪੌਸ਼ਾਕ ਪਾਈ ਹੋਈ ਹੈ।
ਇਸ ਦੇ ਨਾਲ ਹੀ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸੁਖਦੇਵ ਸਿੰਘ ਢੀਂਡਸਾ ਸਮੇਤ ਹੋਰ ਕਈ ਆਗੂ ਆਪੋ-ਆਪਣੀ ਸਜ਼ਾ ਭੁਗਤਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਚੁੱਕੇ ਹਨ। ਬਿਕਰਮ ਸਿੰਘ ਮਜੀਠੀਆ ਤੇ ਹੋਰ ਆਗੂਆਂ ਵੱਲੋਂ ਭਾਂਡੇ ਮਾਂਜਣ ਦੀ ਸੇਵਾ ਨਿਭਾਈ ਜਾ ਰਹੀ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਜਾ ਦਾ ਐਲਾਨ ਕਰਦਿਆਂ ਕਈ ਵੱਡੇ ਐਲਾਨ ਕੀਤੇ ਸਨ। ਇਸ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਜੋ ਸਵਾਲ ਸਿੰਘ ਸਹਿਬਾਨ ਵੱਲੋਂ ਕੀਤੇ ਗਏ ਉਨ੍ਹਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਹਨ। ਉਨ੍ਹਾਂ (ਸੁਖਬੀਰ ਬਾਦਲ) ਦੇ ਸਾਥੀਆਂ ਨੇ ਵੀ ਆਪਣੀ ਹਿੱਸੇਦਾਰੀ ਕਬੂਲ ਕੀਤੀ ਗਈ ਹੈ।
ਇਸ ਲਈ ਉਹ ਮੰਗਲਵਾਰ 3 ਦਸੰਬਰ 2024 ਤੋਂ ਉਹ ਰੋਜ਼ਾਨਾ 12 ਵਜੇ ਤੋਂ 1 ਵਜੇ ਤਕ ਪਖਾਨੇ ਸਾਫ ਕਰਨਗੇ। ਉਸ ਤੋਂ ਬਾਅਦ ਇਸ਼ਨਾਨ ਕਰਨਗੇ ਅਤੇ ਫਿਰ ਲੰਗਰ ਹਾਲ ਵਿਚ ਜਾ ਕੇ 1 ਘੰਟੇ ਤਕ ਬਰਤਨ ਧੋਣ ਦੀ ਸੇਵਾ ਕਰਨਗੇ। ਜਿਸ ਪਿੱਛੋਂ ਉਹ 1 ਘੰਟਾ ਕੀਰਤਨ ਸਰਵਣ ਕਰਨਗੇ। ਜਥੇਦਾਰ ਸਾਹਿਬ ਨੇ ਕਿਹਾ ਕਿ ਇਸ ਦੌਰਾਨ ਵਿਸ਼ੇਸ਼ ਕਰਕੇ ਉਨ੍ਹਾਂ ਦੇ ਗੱਲ ਵਿੱਚ ਤਖ਼ਤੀ ਪਾਈ ਜਾਵੇਗੀ।