ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਰਕਾਰ ਨੇ ਹਿਸਾਰ ’ਚ ਸਟਰੀਟ ਫੂਡ ਹੱਬ ਬਣਾਉਣ ਦਾ ਐਲਾਨ ਕੀਤਾ ਹੈ ਜਿਸ ਦਾ ਨੀਂਹ ਪੱਥਰ ਹਰਿਆਣਾ ਦੇ ਸਿਹਤ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਡਾ. ਕਮਲ ਗੁਪਤਾ ਨੇ ਰੱਖਿਆ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਕੈਟਲ ਕੈਚਰ ਮਸ਼ੀਨ, ਇਲੈਕਟ੍ਰਿਕ ਸਕਾਈ ਲਿਫਟਿੰਗ ਮਸ਼ੀਨ ਅਤੇ ਟ੍ਰੀ ਟ੍ਰਿਮਿੰਗ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਯੋਗ ਅਗਵਾਈ ਵਿਚ ਹਰਿਆਣਾ ਸਰਕਾਰ ਨਾਗਰਿਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ | ਇਸ ਸੰਦਰਭ ਵਿੱਚ ਨਗਰ ਨਿਗਮ ਹਿਸਾਰ ਵੱਲੋਂ ਹਿਸਾਰ ਸ਼ਹਿਰ ਦੇ ਸੁੰਦਰੀਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹ ਸਟ੍ਰੀਟ ਵੈਂਡਰਾਂ ਲਈ ਫੂਡ ਹੱਬ ਹੋਵੇਗਾ, ਜਿਸ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਫਲ ਅਤੇ ਸਬਜ਼ੀਆਂ ਉਪਲਬਧ ਹੋਣਗੀਆਂ।
ਇਸ ਤੋਂ ਇਲਾਵਾ ਸਿਹਤ ਮੰਤਰੀ ਨੇ ਦੱਸਿਆ ਕਿ 22.60 ਲੱਖ ਰੁਪਏ ਦੀ ਲਾਗਤ ਵਾਲੀ ਇਲੈਕਟ੍ਰਿਕ ਸਕਾਈ ਲਿਫਟਿੰਗ ਮਸ਼ੀਨ ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਅਤੇ ਨੀਵਾਂ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਇਸ ਮੌਕੇ 33.60 ਲੱਖ ਰੁਪਏ ਦੀ ਲਾਗਤ ਵਾਲੀ ਸ਼ਕਤੀਮਾਨ ਨਾਮਕ ਦਰੱਖਤ ਕੱਟਣ ਵਾਲੀ ਮਸ਼ੀਨ ਅਤੇ 93 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਦੋ ਵਾਟਰ ਸਮੋਗ ਮਸ਼ੀਨਾਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।