ਧਾਰ/ਮੱਧ ਪ੍ਰਦੇਸ਼ – ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ਵਿਚ ਪ੍ਰੀਖਿਆ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਦੇ ਫੜੇ ਜਾਣ ਤੋਂ ਬਾਅਦ 10ਵੀਂ ਦੇ ਇਕ ਵਿਦਿਆਰਥੀ ਨੇ ਕਥਿਤ ਤੌਰ ’ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਜ਼ਿਲਾ ਹੈੱਡਕੁਆਰਟਰ ਤੋਂ ਲੱਗਭਗ 10 ਕਿਲੋਮੀਟਰ ਦੂਰ ਉਟਾਵੜ ਪਿੰਡ ਵਿਖੇ ਵਾਪਰੀ।
ਨੌਗਾਓਂ ਥਾਣਾ ਇੰਚਾਰਜ ਸੁਨੀਲ ਸ਼ਰਮਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਵਿਦਿਆਰਥੀ ਸੋਮਵਾਰ ਨੂੰ ਇਕ ਨਿੱਜੀ ਸਕੂਲ ’ਚ ਪ੍ਰੀਖਿਆ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਦਾ ਫੜਿਆ ਗਿਆ ਸੀ। ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਸਕੂਲ ਮੈਨੇਜਮੈਂਟ ਨੇ ਪ੍ਰੀਖਿਆ ਦੌਰਾਨ ਫੋਨ ਰੱਖਣ ਦਾ ਪਤਾ ਲੱਗਣ ’ਤੇ ਵਿਦਿਆਰਥੀ ਖ਼ਿਲਾਫ ਕਾਰਵਾਈ ਕੀਤੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਰਾਤ ਨੂੰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।