ਸੋਮਵਾਰ ਨੂੰ ਰੂਸ ਦੇ ਵੋਲਗੋਗਰਾਡ ਖੇਤਰ ‘ਚ ਉਸ ਸਮੇਂ 140 ਯਾਤਰੀ ਜ਼ਖ਼ਮੀ ਹੋ ਗਏ ਜਦੋਂ ਇਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਇੱਕ ਯਾਤਰੀ ਰੇਲ ਗੱਡੀ ਪਟੜੀ ਤੋਂ ਉੱਤਰ ਗਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰੂਸੀ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੌਰਾਨ ਕਰੀਬ 140 ਲੋਕਾਂ ਨੂੰ ਸੱਟਾਂ ਲੱਗੀਆਂ। ਜਿੰਨ੍ਹਾਂ ਵਿੱਚੋਂ 12 ਬੱਚਿਆਂ ਸਮੇਤ 30 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਖੇਤਰੀ ਪ੍ਰਸ਼ਾਸਨ ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ ਦੱਸਿਆ ਕਿ ਦੋ ਲੋਕਾਂ, ਇਕ ਟਰੱਕ ਡਰਾਈਵਰ ਅਤੇ ਇਕ ਰੇਲ ਯਾਤਰੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਰੂਸ ਦੇ ਐਮਰਜੈਂਸੀ ਸਥਿਤੀ ਮੰਤਰਾਲੇ ਮੁਤਾਬਕ ਹਾਦਸਾ ਦੁਪਹਿਰ 12:35 ਵਜੇ ਵਾਪਰਿਆ ਜਦੋਂ 830 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਇਸ ਦੌਰਾਨ ਰੇਲਵੇ ਕ੍ਰਾਸਿੰਗ ਨੂੰ ਇੱਕ ਟਰੱਕ ਪਾਰ ਕਰ ਰਿਹਾ ਸੀ ਜਿਸ ਨਾਲ ਰੇਲਗੱਡੀ ਦੀ ਟੱਕਰ ਹੋ ਗਈ। ਜਾਣਕਤਾਰੀ ਮੁਤਾਬਕ ਇਹ ਰੇਲ ਗੱਡੀ ਰੂਸ ਦੇ ਕਜ਼ਾਨ ਸ਼ਹਿਰ ਤੋਂ ਐਡਲਰ ਜਾ ਰਹੀ ਸੀ। ਫਿਲਹਾਲ ਸਥਾਨਕ ਜਾਂਚ ਸੰਸਥਾਵਾਂ ਨੇ ਟ੍ਰੈਫਿਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਰੇਲਵੇ ਟ੍ਰਾਂਸਪੋਰਟ ਦੇ ਸੰਚਾਲਨ ਦੇ ਆਧਾਰ ‘ਤੇ ਮਾਮਲੇ ਦੀ ਅਪਰਾਧਿਕ ਜਾਂਚ ਸ਼ੁਰੂ ਕੀਤੀ ਹੈ।