ਅੰਮ੍ਰਿਤਸਰ- ਅੰਮ੍ਰਿਤਸਰ ਦੇ ਛੇਹਰਟਾ ‘ਚ ਉਸ ਸਮੇਂ ਹੜਕਮ ਮੱਚ ਗਿਆ ਜਦੋਂ ਉੱਥੇ ਇੱਕ ਰੂੰ ਦੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਨੂੰ ਬੁਝਾਉਣ ਲਈ 16 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਉਣੀਆਂ ਪਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਨੇ ਦੱਸਿਆ ਕਿ ਸਵੇਰੇ 7 ਵਜੇ ਉਹਨਾਂ ਨੂੰ ਫੋਨ ‘ਤੇ ਜਾਣਕਾਰੀ ਮਿਲੀ ਕਿ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ‘ਤੇ ਦਮਕਲ ਵਿਭਾਗ ਦੇ ਦਫ਼ਤਰ ਜਾ ਕੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਅਤੇ ਉਹਨਾਂ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਫੈਕਟਰੀ ਆ ਗਏ। ਉਹਨਾਂ ਕਿਹਾ ਕਿ ਅੱਗ ਲੱਗਣ ਕਾਰਨ ਕਾਫੀ ਵੱਡਾ ਨੁਕਸਾਨ ਹੋਇਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ।
ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਤੇ ਉਹ ਮੌਕੇ ‘ਤੇ ਪਹੁੰਚੇ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਇਹ ਇੱਕ ਰੂੰ ਦੀ ਫੈਕਟਰੀ ਹੈ ਜਿੱਥੇ ਅੱਗ ਲੱਗੀ ਹੈ ਤੇ ਹੁਣ ਤੱਕ 16 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪਹੁੰਚ ਕੇ ਅੱਗ ਬੁਝਾ ਰਹੀਆਂ ਹਨ ਅਤੇ ਹੁਣ ਕਾਫੀ ਹੱਦ ਤੱਕ ਅੱਗ ‘ਤੇ ਕੰਟਰੋਲ ਕਰ ਲਿਆ ਗਿਆ ਹੈ।