ਭਿਵਾੜੀ ਦੇ ਕਾਹਰਾਨੀ ਇੰਡਸਟਰੀਅਲ ਏਰੀਆ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਇੱਥੇ ਸਥਿਤ ਇੱਕ ਕੂਲਰ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗ ਗਈ। ਭਿਆਨਕ ਅੱਗ ਫੈਕਟਰੀ ਦੇ ਪਿੱਛੇ ਖੁੱਲ੍ਹੀ ਜਗ੍ਹਾਂ ’ਤੇ ਲੱਗੀ ਜਿੱਥੇ ਫੈਕਟਰੀ ਦਾ ਕੱਚਾ ਮਾਲ ਪਿਆ ਸੀ। ਫਿਲਹਾਲ ਘਟਨਾ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਜਾਣਕਾਰੀ ਮੁਤਾਬਕ ਅੱਗ ਦੀ ਘਟਨਾ ‘ਭੂਰਜੀ ਸੁਪਰਟੈਕ ਇੰਡਸਟਰੀਜ਼’ ‘ਚ ਸੋਮਵਾਰ ਦੁਪਹਿਰ ਕਰੀਬ 2:30 ਵਜੇ ਵਾਪਰੀ। ਇਸ ਦੌਰਾਨ ਰਿਕੋ ਫਾਇਰ ਸਟੇਸ਼ਨ ਦੀਆਂ ਤਿੰਨ ਗੱਡੀਆਂ ਮੌਕੇ Ⲷ’ਤੇ ਪਹੁੰਚੀਆਂ। ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਭ ਅਸਫਲ ਰਿਹਾ। ਪਲਾਸਟਿਕ ਅਤੇ ਗੱਤੇ ਦੇ ਮਿਸ਼ਰਣ ਦੇ ਕੱਚੇ ਮਾਲ ਨੂੰ ਅੱਗ ਲੱਗੀ ਕਾਰਨ ਅੱਗ ’ਤੇ ਕਾਬੂ ਪਾਉਣ ’ਚ ਕਾਫੀ ਮੁਸ਼ਕਿਲ ਹੋਈ। ਇਸ ਤੋਂ ਬਾਅਦ ਸੂਚਨਾ ਮਿਲਣ ’ਤੇ ਨਗਰ ਕੌਂਸਲ ਫਾਇਰ ਸਟੇਸ਼ਨ ਦੀਆਂ 6 ਗੱਡੀਆਂ ਮੌਕੇ ’ਤੇ ਪਹੁੰਚੀਆਂ। ਜਿੰਨਾਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਹਾਲਾਂਕਿ ਅੱਗ ਕਿਵੇਂ ਲੱਗੀ ਇਸ ਬਾਰੇ ਤਾਂ ਪਤਾ ਨਹੀਂ ਲੱਗਿਆ ਪਰ ਮੁੱਢਲੀ ਜਾਂਚ ਮੁਤਾਬਕ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਨਰੇਟਰ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ।
ਇਸ ਦੇ ਨਾਲ ਹੀ ਫਾਇਰ ਸਟੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕੰਪਨੀ ਦੇ ਅੰਦਰ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਗਈ। ਅੱਗ ‘ਤੇ ਕਾਬੂ ਪਾਉਣ ਲਈ ਲਗਾਇਆ ਗਿਆ ਫਾਇਰ ਸਿਸਟਮ ਵੀ ਠੀਕ ਨਹੀਂ ਹੈ। ਜਿਸ ਕਾਰਨ ਅੱਗ ਕਾਬੂ ਤੋਂ ਬਾਹਰ ਹੋ ਗਈ।