ਦਿੱਲੀ ’ਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਸਰਿਤਾ ਵਿਹਾਰ ਇਲਾਕੇ ‘ਚ ਚੱਲਦੀ ਹੋਈ ਇੱਕ ਯਾਤਰੀ ਰੇਲ ਗੱਡੀ ਦੇ ਡੱਬੇ ‘ਚ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਰੇਲ ਯਾਤਰੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਾਣਕਾਰੀ ਮੁਤਾਬਕ ਅੱਗ ਲੱਗਣ ਦੀ ਘਟਨਾ ਸ਼ਾਮ ਕਰੀਬ ਸਾਢੇ ਚਾਰ ਵਜੇ ਵਾਪਰੀ। ਅੱਗ ਲੱਗਣ ਦਾ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ‘ਤੇ ਪਹੁੰਚੀਆਂ ਜਿਨ੍ਹਾਂ ਵੱਲੋਂ ਬੜੀ ਮੁਸ਼ੱਕਤ ਤੋਂ ਬਾਅਦ ਕਰੀਬ ਇਕ ਘੰਟੇ ‘ਚ ਅੱਗ ‘ਤੇ ਕਾਬੂ ਪਾਇਆ ਗਿਆ। ਫਿਲਹਾਲ ਸੜੇ ਹੋਏ ਤਿੰਨ ਡੱਬਿਆਂ ਨੂੰ ਟਰੇਨ ਤੋਂ ਵੱਖ ਕਰ ਦਿੱਤਾ ਗਿਆ ਹੈ।
ਡੀਸੀਪੀ ਰੇਲਵੇ ਮੁਤਾਬਕ ਰੇਲ ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਝਾਂਸੀ ਰੇਲਵੇ ਸਟੇਸ਼ਨ ਲਈ ਰਵਾਨਾ ਹੋਈ ਸੀ। ਜਿਸ ਤੋਂ ਬਾਅਦ ਪੀਸੀਆਰ ਨੂੰ ਪੌਣੇ ਪੰਜ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ। ਘਟਨਾ ਦਾ ਪਤਾ ਲੱਗਦੇ ਹੀ ਰੇਲ ਗੱਡੀ ਰੋਕ ਦਿੱਤੀ ਗਈ। ਦਰਅਸਲ ਇਹ ਰੇਲਗੱਡੀ ਦਿੱਲੀ-ਆਗਰਾ ਵਿਚਕਾਰ ਚੱਲਦੀ ਹੈ। ਜਿੱਥੇ ਓਖਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਰੇਲ ਗੱਡੀ ਨੂੰ ਅੱਗ ਲੱਗੀ। ਫਿਲਹਾਲ ਇਸ ਘਟਨਾ ‘ਚ ਜਿੱਥੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤਾਂ ਉੱਥੇ ਹੀ ਕੋਈ ਵੀ ਜ਼ਖਮੀ ਨਹੀਂ ਹੋਇਆ। ਕਿਉਂਕਿ ਕੋਚ ‘ਚ ਬੈਠੇ ਯਾਤਰੀ ਦੂਜੇ ਡੱਬਿਆਂ ‘ਚ ਚਲੇ ਗਏ ਜਾਂ ਹੇਠਾਂ ਉਤਰ ਗਏ।