ਇੰਟਰਨੈਸ਼ਨਲ – ਮਲੇਸ਼ੀਆ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੀ ਰਾਜਧਾਨੀ ਕੁਆਲਾਲੰਪੁਰ ਦੇ ਬਾਹਰੀ ਇਲਾਕੇ ‘ਚ ਗੈਸ ਪਾਈਪਲਾਈਨ ਫਟਣ ਕਾਰਨ ਭਿਆਨਕ ਅੱਗ ਲੱਗ ਗਈ। ਹੁਣ ਤੱਕ ਇਸ ਅੱਗ ਕਾਰਨ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ, ਜਦਕਿ 50 ਦੇ ਕਰੀਬ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਸ ਅੱਗ ਕਾਰਨ ਇਲਾਕੇ ਦੇ ਘਰਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਹੈ। ਪਰ ਫਿਰ ਵੀ ਕਈ ਘਰ ਇਸ ਦੀ ਚਪੇਟ ‘ਚ ਆ ਗਏ ਹਨ। ਇਸ ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਤੱਕ ਦਿਖਾਈ ਦੇ ਰਹੀਆਂ ਸਨ। ਹਾਲਾਂਕਿ ਕੰਪਨੀ ਨੇ ਪ੍ਰਭਾਵਿਤ ਇਲਾਕੇ ਦੀ ਪਾਈਪਲਾਈਨ ਦੀ ਸਪਲਾਈ ਬੰਦ ਕਰ ਦਿੱਤੀ, ਨਹੀਂ ਤਾਂ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਗ ਕਾਰਨ ਹੋਏ ਨੁਕਸਾਨਾਂ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਫਿਲਾਹਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।