ਬਠਿੰਡਾ ਦੇ ਡੱਬਵਾਲੀ ਰੋਡ ’ਤੇ ਪਿੰਡ ਗਹਿਰੀ ਬੁੱਟਰ ਵਿਖੇ ਗੱਦੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨ੍ਹੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਮੌਕੇ ਤੋਂ ਬਠਿੰਡਾ ਫਾਇਰ ਬ੍ਰਗੇਡ ਪਹੁੰਚਿਆ, ਪਰ ਅੱਗ ਇੰਨੀ ਭਿਆਨਕ ਸੀ ਕਿ ਉਹ ਤੇਜੀ ਨਾਲ ਫੈਲ ਰਹੀ ਸੀ ਅਤੇ ਅੱਗ ਦੇ ਸੇਕ ਕਾਰਨ ਫੈਕਟਰੀ ਦਾ ਸ਼ੈਡ ਡਿੱਗ ਗਿਆ।
ਹਾਲਾਤ ਬੇਕਾਬੂ ਹੁੰਦੇ ਵੇਖ ਜ਼ਿਲ੍ਹਾ ਪ੍ਰਸ਼ਾਸਨ ਮੌਕੇ ’ਤੇ ਪਹੁੰਚਿਆ। ਇਸ ਤੋਂ ਬਾਅਦ ਅੱਗ ’ਤੇ ਕਾਬੂ ਪਾਉਣ ਲਈ ਜ਼ਿਲ੍ਹਾ ਬਠਿੰਡਾ ਦੇ ਆਲੇ ਦੁਆਲੇ ਦੇ ਫਾਇਰ ਬ੍ਰਿਗੇਡ ਤੋਂ ਇਲਾਵਾ ਰਿਫਾਇਨਰੀ ਅਤੇ ਹਰਿਆਣਾ ਦੇ ਡੱਬਵਾਲੀ ਤੋਂ ਫਾਇਰ ਟੈਂਡਰ ਮੰਗਵਾਏ ਗਏ। ਇਸ ਤੋਂ ਇਲਾਵਾ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਵੱਖ-ਵੱਖ ਥਾਣਿਆਂ ਤੋਂ ਪੁਲਿਸ ਬਲ ਤੈਨਾਤ ਕੀਤਾ ਗਿਆ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਫੈਕਟਰੀ ਵਿੱਚ ਹੀ ਕੰਮ ਕਰਨ ਵਾਲੇ ਬਲਕਾਰ ਸਿੰਘ ਨੇ ਦੱਸਿਆ ਕਿ ਉਹ 5 ਲੋਕ ਰੈਂਪ ਲਗਾ ਰਹੇ ਸਨ, ਕਿ ਇਸ ਦੌਰਾਨ ਹੀ ਭਿਆਨਕ ਅੱਗ ਲੱਗ ਗਈ। ਉਹ ਦੋ ਲੋਕ ਫੈਕਟਰੀ ਵਿੱਚੋਂ ਭੱਜ ਕੇ ਵਾਪਸ ਆ ਗਏ, ਜਦੋਂ ਕਿ ਉਹਨਾਂ ਦੇ ਤਿੰਨ ਸਾਥੀ ਲਖਵੀਰ ਸਿੰਘ, ਨਿੰਦਰ ਸਿੰਘ ਅਤੇ ਵਿਜੇ ਸਿੰਘ ਦਾ ਕੋਈ ਪਤਾ ਨਹੀਂ ਚੱਲਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਸਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਪਰੰਤੂ ਇਸ ਘਟਨਾ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋਈ ਹੈ, ਜਿਨਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਅੱਗ ਕਿਸ ਤਰ੍ਹਾਂ ਲੱਗੀ।