ਇਸਤਾਂਬੁਲ : ਦੱਖਣੀ ਤੁਰਕੀ ਦੇ ਸੈਰ-ਸਪਾਟਾ ਕੇਂਦਰ ਅੰਤਾਲਿਆ ਸੂਬੇ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰੀ ਇੱਕ ਤੇਜ਼ ਰਫ਼ਤਾਰ ਬੱਸ ਸੜਕ ਤੋਂ ਫਿਸਲ ਕੇ ਪਲਟ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ।
ਮੀਂਹ ਅਤੇ ਧੁੰਦ ਦੌਰਾਨ ਵਾਪਰਿਆ ਹਾਦਸਾ
ਸੂਬਾਈ ਗਵਰਨਰ ਹੁਲੁਸੀ ਸਾਹਿਨ ਨੇ ਦੱਸਿਆ ਕਿ ਇਹ ਹਾਦਸਾ ਅੰਤਾਲਿਆ ਸ਼ਹਿਰ ਦੇ ਉੱਤਰ-ਪੱਛਮ ਵਿੱਚ ਪੈਂਦੇ ਡੋਸੇਮੀਲਟੀ ਜ਼ਿਲ੍ਹੇ ਵਿੱਚ ਵਾਪਰਿਆ। ਹਾਦਸੇ ਦੇ ਸਮੇਂ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਸੜਕ ਗਿੱਲੀ ਸੀ ਅਤੇ ਕਾਫੀ ਧੁੰਦ ਵੀ ਪੈ ਰਹੀ ਸੀ। ਗਵਰਨਰ ਮੁਤਾਬਕ, ਭਾਵੇਂ ਹਾਲਾਤ ਖਰਾਬ ਸਨ, ਪਰ ਲੱਗਦਾ ਹੈ ਕਿ ਬੱਸ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਇਹ ਸੰਤੁਲਨ ਗੁਆ ਕੇ ਹਾਈਵੇਅ ਦੇ ਕਿਨਾਰੇ ਪਲਟ ਗਈ।
ਕਈ ਮੁਸਾਫਰਾਂ ਦੀ ਹਾਲਤ ਨਾਜ਼ੁਕ
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਇਹ ਬੱਸ ਤੁਰਕੀ ਦੇ ਉੱਤਰ-ਪੱਛਮੀ ਹਿੱਸੇ ਟੇਕਿਰਦਾਗ ਤੋਂ ਰਾਤ ਭਰ ਦਾ ਸਫ਼ਰ ਤੈਅ ਕਰਕੇ ਆ ਰਹੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਸਵਾਰੀਆਂ ਬੱਸ ਵਿੱਚੋਂ ਬਾਹਰ ਜਾ ਡਿੱਗੀਆਂ। ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਗਏ ਅਤੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।

