ਦੇਸ਼ ’ਚ ਲਗਾਤਾਰ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ। ਸੜਕ ਹਾਦਸਿਆਂ ਦੇ ਮੁੱਖ ਤੌਰ ’ਤੇ ਦੋ ਹੀ ਕਾਰਨ ਹਨ, ਅਣਗਹਿਲੀ ਜਾਂ ਲਾਪਰਵਾਹੀ ਅਤੇ ਸੜਕਾਂ ’ਤੇ ਵਾਹਨਾਂ ਦੀ ਤਾਦਾਦ ਦਾ ਵੱਧਣਾ। ਹਾਲਾਂਕਿ ਕਈ ਵਾਰ ਅਚਾਨਕ ਹਾਦਸੇ ਤਾਂ ਵਾਪਰ ਜਾਂਦੇ ਹਨ ਪਰ ਉਨ੍ਹਾਂ ਦੇ ਕਾਰਨਾਂ ਦਾ ਸਪਸ਼ੱਟ ਤੌਰ ’ਤੇ ਪਤਾ ਨਹੀਂ ਚੱਲ ਪਾਉਂਦਾ। ਤਾਜ਼ਾ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਊਨਾ ਜ਼ਿਲ੍ਹੇ ’ਚ ਸ਼ਰਧਾਲੂਆਂ ਨਾਲ ਭਰੀ ਹੋਈ ਇੱਕ ਟ੍ਰੈਕਟਰ-ਟਰਾਲੀ ਪਲਟ ਗਈ। ਇਸ ਦੌਰਾਨ ਬੱਚਿਆਂ ਸਣੇ ਕਰੀਬ 25 ਲੋਕ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਖੇਤਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਸ਼ਰਧਾਲੂਆਂ ਦੀ ਟ੍ਰੈਕਟਰ-ਟਰਾਲੀ ਮਾਨਸਾ ਜ਼ਿਲ੍ਹੇ ਦੇ ਪਿੰਡ ਪੋਹਾ ਤੋਂ ਤੁਰੀ ਸੀ ਤੇ ਸਾਰੇ 35 ਦੇ ਕਰੀਬ ਸ਼ਰਧਾਲੂ ਪਿੰਡ ਪੋਹਾ ਨਾਲ ਹੀ ਸੰਬੰਧਿਤ ਹਨ। ਸਾਰੇ ਸ਼ਰਧਾਲੂ ਧਾਰਮਿਕ ਸਥਾਨ ਪੀਰ ਨਿਗਾਹ ਵਿਖੇ ਨਤਮਸਤਕ ਹੋਣ ਲਈ ਗਏ ਸੀ ਜੋ ਕਿ ਮੱਥਾ ਟੇਕ ਵਾਪਸ ਪੰਜਾਬ ਪਰਤ ਰਹੇ ਸਨ। ਇਸ ਦੌਰਾਨ ਊਨਾ ਜ਼ਿਲ੍ਹੇ ’ਚ ਅਚਾਨਕ ਟ੍ਰੈਕਟਰ-ਟਰਾਲੀ ਪਲਟ ਗਈ। ਹਾਦਸੇ ’ਚ ਕਰੀਬ 25 ਸ਼ਰਧਾਲੂ ਜ਼ਖ਼ਮੀ ਹੋ ਗਏ ਜਿੰਨ੍ਹਾਂ ਵਿੱਚ 4 ਤੋਂ 11 ਸਾਲ ਦੇ ਚਾਰ ਬੱਚੇ ਵੀ ਸ਼ਾਮਲ ਹਨ।
ਹਾਲਾਂਕੀ ਟ੍ਰੈਕਟਰ ਟਰਾਲੀ ਕਿਉਂ ਪਲਟੀ ਇਸ ਦੇ ਬਾਰੇ ਸਪਸ਼ੱਟ ਕਾਰਨ ਤਾਂ ਨਹੀਂ ਪਤਾ, ਪਰ ਏਐੱਸਪੀ ਸੁਰਿੰਦਰ ਸ਼ਰਮਾ ਮੁਤਾਬਕ ਜ਼ਖ਼ਮੀਆਂ ਦਾ ਹਸਪਤਾਲ ’ਚ ਇਲਾਜ਼ ਚੱਲ ਰਿਹਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।