ਤ੍ਰਿਸ਼ੂਰ/ਕੇਰਲ – ਕੇਰਲ ਦੇ ਤ੍ਰਿਸੂਰ ਜ਼ਿਲ੍ਹੇ ਵਿਚ ਮੰਗਲਵਾਰ ਤੜਕੇ ਇਕ ਟਰੱਕ ਦੇ ਸੜਕ ਕਿਨਾਰੇ ਲੱਗੇ ਤੰਬੂਆਂ ਵਿਚ ਦਾਖ਼ਲ ਹੋ ਜਾਣ ਕਾਰਨ ਉਥੇ ਸੁੱਤੇ 2 ਬੱਚਿਆਂ ਸਮੇਤ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਖਾਨਾਬਦੋਸ਼ ਲੋਕ ਵਲਪੜ ਥਾਣਾ ਖੇਤਰ ਦੇ ਅਧੀਨ ਨਟਿਕਾ ਵਿਖੇ ਰਾਸ਼ਟਰੀ ਰਾਜਮਾਰਗ ਦੇ ਕੰਢੇ ਆਪਣੇ ਤੰਬੂਆਂ ਵਿੱਚ ਸੌਂ ਰਹੇ ਸਨ, ਜਦੋਂ ਸਵੇਰੇ 4.30 ਵਜੇ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਡੇਢ ਸਾਲ ਅਤੇ 4 ਸਾਲ ਦੇ 2 ਬੱਚੇ ਅਤੇ 2 ਔਰਤਾਂ ਸ਼ਾਮਲ ਹਨ।
ਉਸ ਨੇ ਦੱਸਿਆ ਕਿ ਟਰੱਕ ਕੰਨੂਰ ਤੋਂ ਲੱਕੜ ਲਿਆ ਰਿਹਾ ਸੀ ਅਤੇ ਹਾਦਸੇ ਦੇ ਸਮੇਂ ਇਸ ਨੂੰ ਇੱਕ ਸਹਾਇਕ ਚਲਾ ਰਿਹਾ ਸੀ, ਜਿਸ ਕੋਲ ਲਾਇਸੈਂਸ ਨਹੀਂ ਸੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ਦੋਵੇਂ ਨਸ਼ੇ ਵਿਚ ਸਨ। ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਤ੍ਰਿਸ਼ੂਰ ਸ਼ਹਿਰ ਦੇ ਪੁਲਸ ਕਮਿਸ਼ਨਰ ਆਰ ਇਲਾਂਗੋ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਗੈਰ-ਜ਼ਮਾਨਤੀ ਵਿਵਸਥਾ ਦੇ ਤਹਿਤ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਸ ਜੁਰਮ ਲਈ 10 ਸਾਲ ਦੀ ਸਜ਼ਾ ਦੀ ਵਿਵਸਥਾ ਹੈ।
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਚਸ਼ਮਦੀਦਾਂ ਮੁਤਾਬਕ ਵਾਹਨ ਤੇਜ਼ ਰਫਤਾਰ ਨਾਲ ਜਾ ਰਿਹਾ ਸੀ ਅਤੇ ਹਾਦਸੇ ਤੋਂ ਬਾਅਦ ਡਰਾਈਵਰ ਅਤੇ ਯਾਤਰੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਜ਼ਿਲ੍ਹਾ ਮੈਜਿਸਟਰੇਟ ਅਰਜੁਨ ਪਾਂਡੀਅਨ ਨੇ ਵੀ ਮੌਕੇ ਦਾ ਦੌਰਾ ਕੀਤਾ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਸਾਰੇ ਜ਼ਖਮੀਆਂ ਦਾ ਤ੍ਰਿਸ਼ੂਰ ਮੈਡੀਕਲ ਕਾਲਜ ‘ਚ ਇਲਾਜ ਚੱਲ ਰਿਹਾ ਹੈ ਅਤੇ ਜ਼ਖਮੀਆਂ ‘ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਪੁਲਸ ਤੋਂ ਇਸ ਸਬੰਧੀ ਵਿਸਥਾਰਤ ਰਿਪੋਰਟ ਮੰਗੀ ਗਈ ਹੈ।