ਬਾਂਦਾ (ਭਾਸ਼ਾ) – ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਨਰੈਨੀ ਕੋਤਵਾਲੀ ਖੇਤਰ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਔਰਤ ਨੇ ਆਪਣੇ 3 ਮਾਸੂਮ ਬੱਚਿਆਂ ਨਾਲ ਨਹਿਰ ’ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਸ਼ਨੀਵਾਰ ਨੂੰ ਹੋਈ ਇਸ ਦਿਲ ਕੰਬਾਅ ਦੇਣ ਵਾਲੀ ਘਟਨਾ ਨਾਲ ਪੂਰੇ ਇਲਾਕੇ ’ਚ ਸੋਗ ਫੈਲ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਨੇ ਇਸ ਮਾਮਲੇ ਦੀ ਕਾਰਵਾਈ ਕਰਦੇ ਹੋਏ ਚਾਰਾਂ ਦੀਆਂ ਲਾਸ਼ ਬਰਾਮਦ ਕਰ ਕੇ ਔਰਤ ਦੇ ਪਤੀ ਨੂੰ ਹਿਰਾਸਤ ’ਚ ਲਿਆ ਹੈ।
ਦੱਸ ਦੇਈਏ ਕਿ ਪੁਲਸ ਦੇ ਵਧੀਕ ਸੁਪਰਡੈਂਟ ਸ਼ਿਵਰਾਜ ਮੁਤਾਬਕ ਰਿਸੌਰਾ ਪਿੰਡ ਨਿਵਾਸੀ ਅਖਿਲੇਸ਼ ਆਰਖ ਦੀ ਪਤਨੀ ਰੀਨਾ (30) ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਪਤੀ ਨਾਲ ਝਗੜੇ ਤੋਂ ਬਾਅਦ ਘਰੋਂ ਲਾਪਤਾ ਹੋ ਗਈ ਸੀ। ਸਵੇਰ ਤੱਕ ਪਰਿਵਾਰ ਅਤੇ ਪਿੰਡ ਵਾਸੀ ਉਨ੍ਹਾਂ ਦੀ ਤਲਾਸ਼ ਕਰਦੇ ਰਹੇ। ਦੁਪਹਿਰ ਬਾਅਦ ਪਿੰਡ ਤੋਂ ਲੱਗਭਗ ਇਕ ਕਿਲੋਮੀਟਰ ਦੂਰ ਨਹਿਰ ਕੰਢੇ ਰੀਨਾ ਦੇ ਕੰਗਣ ਅਤੇ ਬੱਚਿਆਂ ਦੇ ਕੱਪੜੇ ਮਿਲੇ। ਇਸ ਤੋਂ ਬਾਅਦ ਉਕਤ ਸਥਾਨ ‘ਤੇ ਪੁਲਸ ਪਹੁੰਚ ਗਈ।

