ਮਹਿਲ ਕਲਾਂ ਦੇ ਪਿੰਡ ਬੀਹਲਾ ਵਿਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਸਰਕਾਰੀ ਸਕੂਲ ਵਿਚ ਖੂਹੀ ਪੁੱਟ ਰਹੇ ਇੱਕ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਜ਼ਦੂਰ ‘ਤੇ ਢਿੱਗ ਡਿੱਗ ਗਈ ਸੀ ਜਿਸ ਕਾਰਨ ਉਹ ਮਿੱਟੀ ਵਿਚ ਫਸ ਗਿਆ। 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਹਸਪਤਾਲ ’ਚ ਮ੍ਰਿਤਕ ਐਲਾਨ ਦਿੱਤਾ।
ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਦੀ ਪਹਿਚਾਣ ਮਜ਼ਦੂਰ ਸੋਹਣ ਖਾਨ ਵਾਸੀ ਬੀਹਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਰਕਾਰੀ ਸਕੂਲ ਵਿਚ ਸਬਮਰਸੀਬਲ ਵਾਲੀ ਮੋਟਰ ਲਈ ਸਕੂਲ ਵਿਚ 15 ਫੁੱਟ ਡੂੰਘੇ ਖੂਹੀ ਵਿਚ ਪਾਈਪ ਪਾਉਣ ਦਾ ਕੰਮ ਕਰ ਰਿਹਾ ਸੀ। ਜਦੋਂ ਉਸ ਨੇ ਪਾਈਪ ਪਾਉਣ ਲਈ ਥੋੜ੍ਹੀ ਜਗ੍ਹਾ ਬਣਾਈ ਤਾਂ ਖੂਹ ਦੀ ਸਾਰੀ ਮਿੱਟੀ ਉਸ ’ਤੇ ਡਿੱਗ ਗਈ ਤੇ ਉਹ ਮਿੱਟੀ ਹੇਠਾਂ ਦੱਬ ਗਿਆ। ਇਸ ਦੌਰਾਨ ਉਸ ਦੇ ਸਾਥੀ ਮਜ਼ਦੂਰ ਵੱਲੋਂ ਜਦੋਂ ਰੌਲਾ ਪਾਇਆ ਗਿਆ ਤਾਂ ਲੋਕਾਂ ਨੇ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਮਜ਼ਦੂਰ ਨੂੰ ਖੂਹੀ ’ਚੋਂ ਬਾਹਰ ਕੱਢਿਆ ਗਿਆ। ਪਰ ਉਦੋਂ ਤੱਕ ਮਜ਼ਦੂਰ ਦਮ ਤੋੜ ਚੁੱਕਿਆ ਸੀ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਭੰਗ ਹੋ ਚੁੱਕੀਆਂ ਹਨ ਤੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ, ਕਿਤੇ ਵੀ ਖੂਹੀ ਪੁੱਟਣੀ ਹੋਵੇ ਤਾਂ ਇਸ ਲਈ ਇਜਾਜ਼ਤ ਲੈਣੀ ਪਵੇਗੀ ਪਰ ਅਜਿਹੇ ਵਿਚ ਮੰਜ਼ੂਰੀ ਲਈ ਗਈ ਹੈ ਜਾਂ ਨਹੀਂ, ਇਹ ਵੀ ਜਾਂਚ ਦਾ ਵਿਸ਼ਾ ਹੈ।