ਅਬੋਹਰ: ਇੱਥੇ ਅਬੋਹਰ ਹਨੂੰਮਾਨਗੜ੍ਹ ਰੋਡ ’ਤੇ ਇਕ ਅਣਪਛਾਤੇ ਨੌਜਵਾਨ ਨੇ ਆਪਣਾ ਸਾਈਕਲ ਨਹਿਰ ਦੇ ਕੰਢੇ ਖੜ੍ਹਾ ਕਰ ਕੇ ਨਹਿਰ ’ਚ ਛਾਲ ਮਾਰ ਦਿੱਤੀ। ਹਾਲਾਂਕਿ ਉੱਥੇ ਮੌਜੂਦ ਕੁੱਝ ਨੌਜਵਾਨਾਂ ਨੇ ਨਹਿਰ ’ਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਨੌਜਵਾਨ ਰੁੜ੍ਹ ਗਿਆ। ਉਸ ਦਾ ਦੇਰ ਸ਼ਾਮ ਤੱਕ ਵੀ ਕੁੱਝ ਪਤਾ ਨਹੀਂ ਲੱਗ ਸਕਿਆ।
ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਦੇ ਕਰੀਬ ਇਕ ਨੌਜਵਾਨ ਆਪਣੇ ਰੇਂਜਰ ਸਾਈਕਲ ’ਤੇ ਆਇਆ ਅਤੇ ਮਲੂਕਪੁਰਾ ਮਾਈਨਰ ਨੇੜੇ ਆਪਣਾ ਸਾਈਕਲ ਟਰੈਕ ’ਤੇ ਖੜ੍ਹਾ ਕਰ ਕੇ ਚੱਪਲਾਂ ਲਾਹ ਕੇ ਨਹਿਰ ’ਚ ਛਾਲ ਮਾਰ ਦਿੱਤੀ।
ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਉੱਥੇ ਮੌਜੂਦ ਗੋਤਾਖ਼ੋਰ ਕਾਲੂਰਾਮ ਨੇ ਵੀ ਕਾਫੀ ਦੂਰ ਤੱਕ ਉਸ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰ ਬਿੱਟੂ ਨਰੂਲਾ, ਰਵੀ ਕੁਮਾਰ ਅਤੇ ਸੋਨੂੰ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਸਿਟੀ ਥਾਣਾ ਨੰਬਰ-2 ਦੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਆਸ-ਪਾਸ ਦੇ ਲੋਕਾਂ ਤੋਂ ਉਕਤ ਨੌਜਵਾਨ ਬਾਰੇ ਪੁੱਛਗਿੱਛ ਕੀਤੀ ਅਤੇ ਮੌਕੇ ’ਤੇ ਰੱਖੇ ਸਾਈਕਲ ਤੇ ਚੱਪਲਾਂ ਨੂੰ ਕਬਜ਼ੇ ’ਚ ਲੈ ਲਿਆ।