ਪੰਜਾਬ ’ਚ ਨਸ਼ੇ ਦੇ ਛੇਵੇਂ ਦਰਿਆ ਦਾ ਕਹਿਰ ਜਾਰੀ ਹੈ, ਸੂਬੇ ਦੀ ਸਰਕਾਰ ਵੱਲੋ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਆਏ ਦਿਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਤਾਜ਼ਾ ਮਾਮਲਾ ਬਰਨਾਲਾ ਤੋਂ ਹੈ, ਜਿੱਥੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸਹਿਣਾ ’ਚ ਦੋ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਦਾਸ ਵੱਜੋਂ ਹੋਈ ਹੈ ਜਿਸਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੌਜ ਮੰਨਿਆ ਜਾ ਰਿਹਾ ਹੈ।
ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਮ੍ਰਿਤਕ ਗੁਰਪ੍ਰੀਤ ਦਾਸ ਪਿੱਛੇ ਆਪਣੀ ਪਤਨੀ, 8 ਸਾਲ ਅਤੇ 10 ਮਹੀਨਿਆਂ ਦੀ 2 ਧੀਆਂ ਸਮੇਤ ਆਪਣੀ 80 ਸਾਲ ਦੀ ਬਜ਼ੁਰਗ ਮਾਤਾ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ 2 ਭੈਣਾਂ ਵਿਆਹੀਆਂ ਜਾ ਚੁੱਕੀਆਂ ਹਨ ਅਤੇ ਵੱਡਾ ਭਰਾ ਵੀ ਪਿੰਡ ਵਿੱਚ ਅਲੱਗ ਰਹਿੰਦਾ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਦਾਸ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਪਰਿਵਾਰ ’ਤੇ 2 ਲੱਖ ਰੁਪਏ ਦੇ ਚੜੇ ਕਰਜੇ ਕਾਰਨ ਉਹ ਹਮੇਸ਼ਾ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਹ ਨਸ਼ੇ ਦੀ ਦਲਦਲ ਵਿੱਚ ਧਸ ਗਿਆ ਅਤੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਹੀ ਘਰ ਵਿੱਚ ਪਿਆ ਘਰੇਲੂ ਵਰਤੋਂ ਵਾਲਾ ਸਮਾਨ ਵੇਚ ਦਿੱਤਾ।
ਜਵਾਨ ਪੁੱਤ ਦੇ ਜਾਣ ਪਿੱਛੋਂ ਬਾਕੀ ਰਹਿੰਦੇ 2 ਛੋਟੀਆਂ ਬੱਚੀਆਂ ਸਮੇਤ ਉਸਦੀ ਪਤਨੀ ਅਤੇ ਬਿਮਾਰ ਬਜ਼ੁਰਗ ਮਾਤਾ ਦਾ ਕੋਈ ਵੀ ਸਹਾਰੇ ਵਾਲਾ ਬਾਕੀ ਨਹੀਂ ਰਿਹਾ। ਇਸ ਲਈ ਪੀੜਿਤ ਪਰਿਵਾਰ ਨੇ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਵਿਦੇਸ਼ ਬੈਠੇ ਐਨ.ਆਰ.ਆਈਜ਼ ਅਤੇ ਸਮਾਜ ਸੇਵੀਆ ਤੋਂ ਬਾਕੀ ਰਹਿੰਦੇ ਪਰਿਵਾਰ, 2 ਛੋਟੀਆਂ ਬੱਚੀਆਂ ਅਤੇ ਬਜ਼ੁਰਗ ਬਿਮਾਰ ਮਾਂ ਦੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ।