ਨੈਸ਼ਨਲ – ਫਰੀਦਾਬਾਦ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਫਿਟਨੈੱਸ ਦੀ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀ ਕ਼ੀਮਤ ਉਸਨੂੰ ਆਪਣੀ ਜਾਨ ਦੇ ਕੇ ਚੁਕਾਈ। ਇਹ ਵਾਕਿਆ ਸੈਕਟਰ-9, ਬੱਲਭਗੜ੍ਹ ਦਾ ਹੈ, ਜਿੱਥੇ 37 ਸਾਲਾ ਪੰਕਜ ਸ਼ਰਮਾ ਦੀ ਜਿਮ ‘ਚ ਵਰਕਆਉਟ ਕਰਦਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
10 ਮਿੰਟ ਦੀ ਕਸਰਤ ਬਣੀ ਜ਼ਿੰਦਗੀ ਦੀ ਆਖ਼ਰੀ ਕਸਰਤ
ਪੰਕਜ ਸ਼ਰਮਾ, ਜਿਸ ਦਾ ਵਜ਼ਨ ਲਗਭਗ 170 ਕਿਲੋ ਸੀ, ਹਰ ਰੋਜ਼ ਜਿਮ ਜਾਂਦਾ ਸੀ। ਮੰਗਲਵਾਰ ਸਵੇਰੇ ਉਸ ਨੇ ਬਲੈਕ ਕੌਫੀ ਪੀਤੀ ਅਤੇ ਸ਼ੋਲਡਰ ਵਰਕਆਉਟ ਦੀ ਸ਼ੁਰੂਆਤ ਕੀਤੀ। ਚਸ਼ਮਦੀਦਾਂ ਮੁਤਾਬਕ, ਜਦੋਂ ਉਹ ਤੀਜੀ ਪੁੱਲ-ਅੱਪ ਕਰ ਰਿਹਾ ਸੀ, ਉਦੋਂ ਅਚਾਨਕ ਹੀ ਉਹ ਜ਼ਮੀਨ ‘ਤੇ ਡਿੱਗ ਪਿਆ। ਲੋਕਾਂ ਨੇ ਤੁਰੰਤ CPR ਦੇਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੁਧਾਰ ਨਹੀਂ ਹੋਇਆ। ਜਲਦ ਹੀ ਹਸਪਤਾਲ ਤੋਂ ਮੈਡੀਕਲ ਟੀਮ ਬੁਲਾਈ ਗਈ ਪਰ ਜਾਂਚ ਕਰਨ ‘ਤੇ ਪੰਕਜ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਨਾ ਸਟੀਰੌਇਡ, ਨਾ ਸਪਲੀਮੈਂਟ – ਸਿਰਫ਼ ਵਜ਼ਨ ਘਟਾਉਣ ਦੀ ਕੋਸ਼ਿਸ਼
ਪੰਕਜ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਟੀਰੌਇਡ ਜਾਂ ਸਪਲੀਮੈਂਟ ਦੀ ਵਰਤੋਂ ਨਹੀਂ ਕਰਦਾ ਸੀ। ਪਿਛਲੇ 4 ਮਹੀਨਿਆਂ ਤੋਂ ਉਹ ਨਿਯਮਤ ਵਰਕਆਉਟ ਕਰ ਰਿਹਾ ਸੀ ਅਤੇ ਡਾਕਟਰ ਦੀ ਸਲਾਹ ਅਨੁਸਾਰ ਹੀ ਸਾਰਾ ਰੂਟੀਨ ਬਣਾਇਆ ਹੋਇਆ ਸੀ। ਉਸਦੀ ਢਾਈ ਸਾਲ ਦੀ ਧੀ ਵੀ ਹੈ।
ਟ੍ਰੇਨਰ ਵੀ ਹੈਰਾਨ, ਸਾਰੀ ਘਟਨਾ CCTV ਵਿੱਚ ਕੈਦ
ਜਿਮ ਦੇ ਟ੍ਰੇਨਰ ਨੇ ਦੱਸਿਆ ਕਿ ਪੰਕਜ ਨੂੰ ਨਿਯਮਤ ਰੂਪ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਇਹ ਘਟਨਾ ਬਿਲਕੁਲ ਅਚਾਨਕ ਅਤੇ ਦੁੱਖਦਾਈ ਸੀ। ਪੁਲਸ ਨੇ CCTV ਫੁਟੇਜ ਤੇ ਹੋਰ ਸਬੂਤ ਇਕੱਠੇ ਕਰ ਲਏ ਹਨ।