ਜਲੰਧਰ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਤੋਂ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ’ਤੇ ਨਿਸ਼ਾਨਾ ਸਾਧਦਿਆਂ ਹੋਏ ਵੱਡੇ ਸਵਾਲ ਖੜੇ ਕੀਤੇ ਹਨ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਮੇਅਰ ਦੇ ਅਹੁਦੇ ਦੌਰਾਨ ਸੁਰਿੰਦਰ ਕੌਰ ਦੇ ਦਫ਼ਤਰ ਨੂੰ ਤਾਲਾ ਹੀ ਲੱਗਿਆ ਰਿਹਾ ਅਤੇ ਉਨ੍ਹਾਂ ਨੇ ਜਲੰਧਰ ਪੱਛਮੀ ਜਾਂ ਜਲੰਧਰ ’ਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ।
ਦਰਅਸਲ ਬੁੱਧਵਾਰ ਨੂੰ ਜਲੰਧਰ ‘ਚ ਇੱਕ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਉਮੀਦਵਾਰ ’ਤੇ ਵੱਡੇ ਦੋਸ਼ ਲਗਾਉਂਦੇ ਹੋਏ ਜਲੰਧਰ ਸਮਾਰਟ ਸਿਟੀ ਫੰਡਾਂ ਦੇ 760 ਕਰੋੜ ਦੇ ਘੁਟਾਲੇ ’ਚ ਸੁਰਿੰਦਰ ਕੌਰ ਦੀ ਸ਼ਮੂਲੀਅਤ ਦੱਸੀ।
ਇਸ ਦੇ ਨਾਲ ਹੀ ਹਰਜੋਤ ਬੈਂਸ ਨੇ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਦੇ ਬਤੌਰ 5 ਸਾਲ ਜਲੰਧਰ ਦੀ ਡਿਪਟੀ ਮੇਅਰ ਅਤੇ ਕਰੀਬ 20 ਸਾਲ ਐਮ.ਸੀ. ਦੇ ਅਹੁਦੇ ’ਤੇ ਰਹਿਣ ਸਮੇਂ ਦੀ ਕਾਰਗੁਜਾਰੀ ’ਤੇ ਸਵਾਲ ਖੜੇ ਕੀਤੇ। ਉਨ੍ਹਾਂ ਵੱਖ-ਵੱਖ ਮੁੱਦਿਆਂ ਦਾ ਜ਼ਿਕਰ ਕਰਕੇ ਸੁਰਿੰਦਰ ਕੌਰ ’ਤੇ ਨਿਸ਼ਾਨਾ ਸਾਧਿਆ। ਜਿਵੇਂ ਕਿ ਸ਼ਹਿਰ ਦੀਆਂ ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਸੀਵਰੇਜ ਸਿਸਟਮ ਆਦਿ ਦੀ ਸਾਂਭ-ਸੰਭਾਲ ਮਾਮਲੇ ’ਚ ਬੈਂਸ ਨੇ ਸੁਰਿੰਦਰ ਕੌਰ ਨੂੰ ਫੇਲ ਦੱਸਿਆ । ਉਨ੍ਹਾਂ ਕਿਹਾ ਕਿ ਸੁਰਿੰਦਰ ਕੌਰ ਨੇ ਜਲੰਧਰ ਪੱਛਮੀ ਨੂੰ ਸਿਰਫ਼ ਇੱਕ ਤੋਹਫ਼ਾ ਦਿੱਤਾ ਹੈ, ਉਹ ਹੈ ਵਰਿਆਣਾ ਵਿੱਚ ਕੂੜੇ ਦਾ ਵੱਡਾ ਪਹਾੜ।
ਇਸ ਤੋਂ ਇਲਾਵਾ ਹਰਜੋਤ ਬੈਂਸ ਨੇ ਸੁਰਿੰਦਰ ਕੌਰ ਨੂੰ ਪੰਜ ਸਵਾਲ ਕਰਦੇ ਹੋਏ ਸਪੱਸ਼ਟੀਕਰਣ ਮੰਗਿਆ। ਇਹ ਪੰਜ ਸਵਾਲ ਹਨ-
- ਸਵਾਲ 1. ਸੀਨੀਅਰ ਡਿਪਟੀ ਮੇਅਰ ਹੋਣ ਦੇ ਨਾਤੇ, ਤੁਹਾਡਾ ਦਫਤਰ ਕਿਉਂ ਬੰਦ ਰਿਹਾ ਅਤੇ ਤੁਸੀਂ ਹਰ ਸਮੇਂ ਦਫਤਰ ਤੋਂ ਗੈਰਹਾਜ਼ਰ ਕਿਉਂ ਰਹੇ? ਜਲੰਧਰ ਪੱਛਮੀ ਹਲਕੇ ਦੇ ਮਸਲਿਆਂ ਨੂੰ ਹੱਲ ਕਰਨ ਲਈ, ਕੀ ਤੁਸੀਂ ਕਦੇ 23 ਕੌਂਸਲਰਾਂ ਨੂੰ ਮਿਲ ਕੇ ਉਨ੍ਹਾਂ ਦਾ ਫੀਡਬੈਕ ਲਿਆ ਹੈ ?
- ਸਵਾਲ 2. ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਣ ਵੇਲੇ ਕਾਂਗਰਸ ਦੀ ਇੱਕ ਨਿਗਮ ਵਿੱਚ ਹੋਏ ਸਮਾਰਟ ਸਿਟੀ ਪ੍ਰੋਜੈਕਟ ਦੇ ਅਰਬਾਂ ਰੁਪਏ ਦੇ ਘਪਲੇ ਬਾਰੇ ਤੁਸੀਂ ਕਦੇ ਕੁਝ ਵੀ ਕਿਉਂ ਨਹੀਂ ਕਿਹਾ?
- ਸਵਾਲ 3. ਜਲੰਧਰ ਵਿੱਚ ਸੜਕਾਂ, ਸੀਵਰੇਜ, ਡਰੇਨਾਂ ਦੀ ਸਫ਼ਾਈ, ਕੂੜਾ ਵਰਗੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਕਾਂਗਰਸ ਨਿਗਮ ਨੇ ਕੀ ਕੀਤਾ?
- ਸਵਾਲ 4. ਵਰਿਆਣਾ ਡੰਪ ਵਿੱਚ ਕੂੜੇ ਦਾ ਪਹਾੜ ਲੋਕਾਂ ਲਈ ਆਫ਼ਤ ਬਣ ਗਿਆ ਹੈ। ਸਾਲ 2018 ਦੇ 19, 20 ਦੇ ਸਵੱਛਤਾ ਸਰਵੇਖਣ ‘ਚ ਜਲੰਧਰ ਦੇਸ਼ ਦੇ ਪਹਿਲੇ 100 ਸ਼ਹਿਰਾਂ ਦੀ ਸੂਚੀ ‘ਚ ਕਿਉਂ ਨਹੀਂ ਆ ਸਕਿਆ, ਕੀ ਕਾਰਨ ਸੀ?
- ਸਵਾਲ 5. ਕਾਂਗਰਸ ਉਮੀਦਵਾਰ ਨੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਪਹੁੰਚਾਉਣ ਲਈ ਆਪਣੇ ਇਲਾਕੇ ਵਿੱਚ ਕਿੰਨੇ ਟਿਊਬਵੈੱਲ ਲਗਾਏ?