ਹੁਸ਼ਿਆਰਪੁਰ —ਚੱਬੇਵਾਲ ਵਿਧਾਨ ਸਭਾ ਦੀ ਜ਼ਿਮਨੀ ਚੋਣ ਬੀਤੇ ਦਿਨ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਚਾਹੇ ਜਿੱਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਦੇ ਵਿਚ ਦੱਸਿਆ ਜਾ ਰਿਹਾ ਹੈ, ਉਥੇ ਹੀ ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰ ਆਪਣੇ ਲਈ ਖ਼ੁਦ ਵੀ ਵੋਟ ਨਹੀਂ ਕਰ ਸਕੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਈਸ਼ਾਂਕ ਦਾ ਵੋਟ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ਦੇ ਤਹਿਤ ਆਉਂਦੇ ਮਾਂਝੀ ਪਿੰਡ ’ਚ ਪੈਂਦਾ ਹੈ। ਇਸ ਲਈ ਉਹ ਚਾਹ ਕੇ ਵੀ ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ’ਚ ਆਪਣਾ ਵੋਟ ਨਹੀਂ ਪਾ ਸਕੇ।
ਇਸ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਕਿਟੀ ਦੀ ਵੋਟ ਵੀ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ਦੇ ਤਹਿਤ ਆਉਂਦੀ ਹੈ, ਉਹ ਵੀ ਆਪਣੀ ਵੋਟ ਨਹੀਂ ਸਕੇ। ਜਦਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੋਹਨ ਸਿੰਘ ਠੰਡਲ ਦਾ ਵੋਟ ਚੱਬੇਵਾਲ ਵਿਧਾਨ ਸਭਾ ਖੇਤਰ ਦੇ ਤਹਿਤ ਆਉਂਦੇ ਪਿੰਡ ਠੰਡਲ ’ਚ ਪੈਂਦਾ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਸਵੇਰੇ ਹੀ ਵੋਟਿੰਗ ਕੀਤੀ ਅਤੇ ਪ੍ਰਮੁੱਖ ਉਮੀਦਵਾਰਾਂ ’ਚ ਉਹ ਸਿਰਫ਼ ਅਜਿਹੇ ਉਮੀਦਵਾਰ ਸਨ, ਜਿਨ੍ਹਾਂ ਨੇ ਆਪਣੇ ਆਪਨੂੰ ਵੋਟ ਪਾਈ।
ਕਾਂਗਰਸ ਤੇ ਆਮ ਆਦਮੀ ਦੇ ਉਮੀਦਵਾਰ ਦੂਜੇ ਲੋਕਾਂ ਨੂੰ ਤਾਂ ਆਪਣੇ ਪੱਖ ’ਚ ਵੋਟ ਪਾਉਣ ਲਈ ਦਿਨ-ਰਾਤ ਇਕ ਕਰਦੇ ਰਹੇ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਵੋਟ ਨਹੀਂ ਪਾਈ।