ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ‘ਆਪ’ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਪਹੁੰਚੇ। ਦੱਸ ਦੇਈਏ ਮੁੱਖ ਮੰਤਰੀ ਮਾਨ ਨੇ ਆਪਣੇ ਪ੍ਰਚਾਰ ਨੂੰ ਸ਼ੁਰੂ ਕਰਦਿਆਂ ਹੀ ਮਹਿਲਾਵਾਂ ਨੂੰ 1100 ਰੁਪਏ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਮੇਰਾ ਅਗਲਾ ਮਿਸ਼ਨ ਮਹਿਲਾਵਾਂ ਨੂੰ 1100 ਰੁਪਏ ਦੇਣ ਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਮਾਵਾਂ-ਭੈਣਾਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ‘ਚ ਆਉਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਾਡੇ ਚੁਲ੍ਹਿਆਂ ਦੀ ਫਿਕਰ, ਨੌਜਵਾਨਾਂ ਦੀ ਫਿਕਰ, ਬਿਜਲੀ, ਦਵਾਈ ਅਤੇ ਇਲਾਜ ਦੀ ਫਿਕਰ ਕਰਨ ਵਾਲੀ ਇਹੀ ਸਰਕਾਰ ਹੈ ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਤੁਹਾਡੇ ਬੱਚਿਆਂ ਬਾਰੇ ਹੀ ਸੋਚ ਰਹੀ ਹੈ। ਪੰਜਾਬ ਵਾਸੀਆਂ ਨੂੰ ਮੁਫ਼ਤ ਬਿਜਲੀ, ਪਾਣੀ, ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ NOC ਦਾ ਮੁੱਦਾ ਬਹੁਤ ਉੱਠਾਇਆ ਗਿਆ ਸੀ, ਜੋ ਹੁਣ ਕਾਨੂੰਨ ਬਣ ਗਿਆ ਹੈ, ਹੁਣ ਲੋਕ ਜਿਵੇਂ ਕੰਮ ਕਰਵਾਉਣਾ ਚਾਹੁੰਦੇ ਸੀ ਉਵੇਂ ਹੀ ਕੰਮ ਹੋਣਗੇ। ਇਸ ਦੌਰਾਨ ਉਨ੍ਹਾਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ ‘ਚ ਸਭ ਤੋਂ ਵੱਧ ਮੌਤਾਂ ਹੁੰਦੀਆਂ ਸੀ। ਰੋਜ਼ਾਨਾਂ 14 ਤੋਂ 15 ਕੇਸ ਮੌਤ ਦੇ ਹੀ ਆਉਦੇ ਸੀ ਪਰ ਸੜਕ ਸੁਰੱਖਿਆ ਫੋਰਸ ਨਾਲ ਸੜਕੀ ਹਾਦਸੇ ਘੱਟ ਗਏ ਅਤੇ 6 ਮਹੀਨਿਆਂ ‘ਚ ਮੌਤਾਂ ‘ਚ 45 ਫੀਸਦੀ ਕਮੀ ਆਈ ਹੈ।