ਕਪੂਰਥਲਾ -ਥਾਣਾ ਸਦਰ ਅਧੀਨ ਪੈਂਦੇ ਪਿੰਡ ਔਜਲਾ ’ਚ ਆਮ ਆਦਮੀ ਪਾਰਟੀ ਦੇ ਇਕ ਨੌਜਵਾਨ ਵਾਲੰਟੀਅਰ ਦੀ ਘਰ ’ਚ ਸ਼ੱਕੀ ਹਾਲਾਤ ’ਚ ਲਾਸ਼ ਬਰਾਮਦ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸਦਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਨੌਜਵਾਨ ਵਲੰਟੀਅਰ ਕੁਲਵੰਤ ਸਿੰਘ ਔਜਲਾ (28) ਵਾਸੀ ਪਿੰਡ ਔਜਲਾ ਦੀ ਲਾਸ਼ ਸ਼ਨੀਵਾਰ ਸਵੇਰੇ ਉਸ ਦੇ ਘਰੋਂ ਮਿਲੀ। ਉਹ ਆਪਣੇ ਘਰ ਵਿਚ ਇਕੱਲਾ ਰਹਿੰਦਾ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਕਿਸੇ ਨੇ ਨਹੀਂ ਵੇਖਿਆ ਸੀ।ਪਿੰਡ ਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦੀ ਇਕ ਭੈਣ ਵਿਦੇਸ਼ ’ਚ ਰਹਿੰਦੀ ਹੈ। ਸਵੇਰੇ ਗੁਆਂਢੀ ਨੂੰ ਉਸ ਦੀ ਭੈਣ ਦਾ ਫੋਨ ਆਇਆ ਕਿ ਕੁਲਵੰਤ ਪਿਛਲੇ ਦੋ ਦਿਨਾਂ ਤੋਂ ਉਸ ਦਾ ਫੋਨ ਨਹੀਂ ਚੁੱਕ ਰਿਹਾ, ਜਿਸ ਤੋਂ ਬਾਅਦ ਜਦੋਂ ਕੁਲਵੰਤ ਸਿੰਘ ਦੇ ਘਰ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਘਰ ਦੇ ਕਮਰੇ ’ਚ ਪਈ ਸੀ। ਹਾਲਾਂਕਿ ਲਾਸ਼ ਦੇ ਕੋਲੋਂ ਇਕ ਇੰਜੈਕਸ਼ਨ ਵੀ ਬਰਾਮਦ ਹੋਇਆ ਹੈ।
ਉੱਥੇ ਹੀ ਡੀ. ਐੱਸ. ਪੀ. ਸਬ ਡਿਵੀਜ਼ਨ ਦੀਪਕਰਨ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਸੂਚਨਾ ਦੇਣ ’ਤੇ ਥਾਣਾ ਸਦਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।