ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ‘ਆਪ’ ਦੀ ਤਮਾਮ ਲੀਡਰਸ਼ਿਪ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫ਼ਤਰ ’ਚ ਹੋਏ ਘਟਨਾਕ੍ਰਮ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਦੇ ਹੱਕ ਵਿੱਚ ਆ ਗਈ ਹੈ। ਦਰਅਸਲ ਦੇਰ ਸ਼ਾਮ ਜ਼ਿਲ੍ਹੇ ਦੀ ਤਮਾਮ ‘ਆਪ’ ਲੀਡਰਸ਼ਿਪ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਇੱਕ ਐਮਪੀ ਨੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਉੱਘੇ ਆਗੂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਵਾਲੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ, ਜਦੋਕਿ ਦੂਜੇ ਸੀਨੀਅਰ ਆਗੂ ਵੱਲੋਂ ਵੀ ਉਸ ਨੂੰ ਰੋਕਿਆ ਨਹੀਂ ਗਿਆ। ਉਹਨਾਂ ਕਿਹਾ ਕਿ ਇੱਕ ਐਮਪੀ ਨੂੰ ਅਜਿਹੀ ਸ਼ਬਦਾਵਲੀ ਵਰਤਣਾ ਸ਼ੋਭਾ ਨਹੀਂ ਦਿੰਦਾ, ਕਿਉਂਕਿ ਡਿਪਟੀ ਕਮਿਸ਼ਨਰ ਇੱਕ ਜਿੰਮੇਵਾਰ ਅਹੁਦਾ ਹੈ।
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ, ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਗੁਰਦੀਪ ਰੰਧਾਵਾ, ਚੇਅਰਮੈਨ ਜਗਰੂਪ ਸੇਖਵਾਂ, ਚੇਅਰਮੈਨ ਬਲਬੀਰ ਪੰਨੂ ਅਤੇ ਦੀਨਾ ਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਮੌਜੂਦਗੀ ਵਿੱਚ ਹੋਈ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਵਿਧਾਇਕ ਸ਼ਹਿਰੀ ਕਲਸੀ ਅਤੇ ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪਿੰਡਾਂ ਵਿੱਚ ਸਰਪੰਚ ਉਮੀਦਵਾਰ ਹੀ ਨਹੀਂ ਮਿਲ ਰਹੇ ਤੇ ਜ਼ਿਆਦਾਤਰ ਜਗ੍ਹਾਂ ’ਤੇ ਆਪਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾ ਰਹੇ ਹਨ, ਜਿਸ ਕਾਰਨ ਕਾਂਗਰਸੀ ਬੁਖਲਾ ਗਏ ਹਨ ਅਤੇ ਡਰਾਮੇ ਕਰ ਰਹੇ ਹਨ। ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਕਿ ਨਾ ਹੀ ਚੁੱਲਾ ਟੈਕਸ ਦੀਆਂ ਰਸੀਦਾਂ ਦਾ ਰੌਲਾ ਹੈ ਅਤੇ ਨਾ ਹੀ ਸਰਪੰਚੀ ਦੀਆਂ ਚੋਣਾਂ ਵਿੱਚ ਕਿਸੇ ਪਾਰਟੀ ਦੇ ਉਮੀਦਵਾਰ ਨਾਲ ਕੋਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਹਨਾਂ ਤਸਵੀਰਾਂ ਦਿਖਾਉਂਦੇ ਕਿਹਾ ਕਿ ਉਹ ਦੋਸ਼ ਲੱਗਾ ਰਹੇ ਹਨ ਕਿ ਬੀਡੀਪੀਓ ਅਤੇ ਸੈਕਟਰੀ ਦਫਤਰਾਂ ਵਿੱਚ ਨਹੀਂ ਬਹਿੰਦੇ, ਪਰ ਉਹ ਖੁਦ ਬੀਡੀਪੀਓ ਦੇ ਦਫਤਰਾਂ ਵਿੱਚ ਸੈਕਟਰੀਆਂ ਨਾਲ ਬੈਠ ਕੇ ਬਿਸਕੁਟ ਖਾ ਰਹੇ ਅਤੇ ਚਾਹ ਪੀ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਇੱਕ ਸੁਰ ਨਾਲ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੱਕ ਵਿੱਚ ਖੜੇ ਹਨ ਅਤੇ ਬੌਖਲਾਏ ਹੋਏ ਕਾਂਗਰਸੀਆਂ ਨੂੰ ਹੋਰ ਕਿਸੇ ਅਧਿਕਾਰੀ ਨਾਲ ਬਦਸਲੂਕੀ ਨਹੀਂ ਕਰਨ ਦਿੱਤੀ ਜਾਵੇਗੀ।