ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪੱਟੀ, ਤਰਨਤਾਰਨ ਵਿੱਚ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਲਾਲ ਜੀਤ ਸਿੰਘ ਭੁੱਲਰ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨਰਿੰਦਰ ਮੋਦੀ, ਬਾਦਲ, ਕੈਪਟਨ ਅਤੇ ਜਾਖੜ ਸਮੇਤ ਸਾਰੇ ਵਿਰੋਧੀ ਆਗੂਆਂ ‘ਤੇ ਹਮਲਾ ਬੋਲਿਆ।
ਪੱਟੀ ਵਿਖੇ ਲੋਕਾਂ ਦੇ ਵੱਡੀ ਜਨਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਵਿੱਚ ਲੋਕਾਂ ਦੀ ਆਪਣੀ ਸਰਕਾਰ ਹੈ। ਪਹਿਲਾਂ ਸਿਰਫ਼ ‘ਰਾਜੇ ਤੇ ਰਜਵਾੜੇ’ ਹੁੰਦੇ ਸਨ। ਮਾਨ ਨੇ ਕੈਪਟਨ ਨੂੰ ਰਾਜਾ ਅਤੇ ਬਾਦਲਾਂ ਨੂੰ ਰਜਵਾੜੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਦੌਲਤ-ਸੰਪਤੀ ਇਕੱਠੀ ਕੀਤੀ ਅਤੇ ਹੁਣ ਉਹ ਆਮ ਲੋਕਾਂ ਨੂੰ ‘ਮਲੰਗ’ ਅਤੇ ‘ਮਟੀਰੀਅਲ’ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਅਤੇ ਉਸ ਦੇ ਲੋਕਾਂ ਨੂੰ ਲੁੱਟ ਕੇ ਆਪਣੇ ਖ਼ਾਨਦਾਨ (ਰਾਜਵੰਸ਼) ਬਣਾਏ, ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ ਅਤੇ ਹੁਣ ਉਹ ਲੋਕਾਂ ਤੋਂ ਮੌਕਾ ਮੰਗ ਰਹੇ ਹਨ।
ਉਨ੍ਹਾਂ ਕਿਹਾ ਕਿ 2024 ਵਿੱਚ ਪੰਜਾਬ ਹੀਰੋ ਬਣੇਗਾ ਅਤੇ ਇੱਕ ਮਿਸਾਲ ਕਾਇਮ ਕਰੇਗਾ, ਕਿਉਂਕਿ ‘ਆਪ’ ਦੇ ਸਾਰੇ 13 ਉਮੀਦਵਾਰ ਜਿੱਤ ਕੇ ਪਾਰਲੀਮੈਂਟ ਵਿੱਚ ਸੂਬੇ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਸਾਡਾ ਬਚਪਨ ਬਰਬਾਦ ਕੀਤਾ, ਸਾਡੀ ਜਵਾਨੀ ਬਰਬਾਦ ਕੀਤੀ ਅਤੇ ਬਜ਼ੁਰਗਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਹ ਸਾਡੇ ਬੱਚਿਆਂ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਬਰਬਾਦ ਕਰਨ ਲਈ ਵੀ ਤਿਆਰ ਬੈਠੇ ਹਨ। ਪਰ ਅਸੀਂ ਉਨ੍ਹਾਂ ਦੇ ਖ਼ਿਲਾਫ਼ ਵੋਟ ਪਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਮਾਂ ਬਦਲ ਗਿਆ ਹੈ, ਕੋਈ ਸਮਾਂ ਸੀ ਜਦੋਂ ਉਹ ਚੋਣਾਂ ਵੇਲੇ ਹੱਥ ਜੋੜ ਕੇ ਤੁਹਾਡੇ ਕੋਲ ਆਉਂਦੇ ਸਨ ਅਤੇ ਫਿਰ ਪੰਜ ਸਾਲ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲਈ ਤੁਹਾਨੂੰ ਤਿਆਗ ਦਿੰਦੇ ਸਨ। ਪਰ ਹੁਣ ਤਬਦੀਲੀ ਆ ਗਈ ਹੈ, ਨਵੀਂ ਕਿਸਮ ਦੀ ਰਾਜਨੀਤੀ ਨੇ ਜਨਮ ਲੈ ਲਿਆ ਹੈ। ਉਹ ਸੋਚਦੇ ਹਨ ਕਿ ਤੁਹਾਡੀਆਂ ਵੋਟਾਂ ਵਿਕਣ ਲਈ ਹਨ, ਉਹ ਆਖ਼ਰੀ ਸਮੇਂ ‘ਤੇ ਤੁਹਾਡੇ ਕੋਲ ਆਉਣਗੇ, ਤੁਹਾਡੀ ਵੋਟ ਲਈ ਹਜ਼ਾਰਾਂ ਰੁਪਏ ਦੀ ਪੇਸ਼ਕਸ਼ ਕਰਨਗੇ ਅਤੇ ਜਿੱਤਣਗੇ। ਪਰ ਸਾਨੂੰ ਇਨ੍ਹਾਂ ਵਿਰੁੱਧ ਇੱਕਜੁੱਟ ਹੋਣਾ ਪਵੇਗਾ। ਅਸੀਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਨੀਵੀਂ ਸੋਚ ਨੂੰ ਹਰਾਉਣਾ ਹੈ।
ਭਗਵੰਤ ਮਾਨ ਨੇ ਪੀਐਮ ਮੋਦੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦਾ ਉਨ੍ਹਾਂ ਦਾ ਫੈਸਲਾ ‘ਵਿਨਾਸ਼ ਕਾਲੇ ਵਿਪ੍ਰਿਤ ਬੁੱਧੀ’ ਸਾਬਤ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ (ਭਾਜਪਾ) ‘ਆਪ’ ਅਤੇ ਅਰਵਿੰਦ ਕੇਜਰੀਵਾਲ ਤੋਂ ਡਰੇ ਹੋਏ ਹਨ। ਉਹ ਸੋਚਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਰੋਕ ਲੈਣਗੇ, ਪਰ ਉਹ ਗਲਤ ਹਨ। ਉਹ ਅਰਵਿੰਦ ਕੇਜਰੀਵਾਲ ਦੀ ਸਰੀਰ ਨੂੰ ਹੀ ਗ੍ਰਿਫਤਾਰ ਕਰ ਸਕਦੇ ਹਨ, ਪਰ ਉਹ ਉਨ੍ਹਾਂ ਦੀ ਸੋਚ ਨੂੰ ਕਦੇ ਵੀ ਗ੍ਰਿਫਤਾਰ ਨਹੀਂ ਕਰ ਸਕਦੇ। ਇਸ ਲਈ ਉਹ ਉਨ੍ਹਾਂ ਨੂੰ ਜਾਂ ਉਨ੍ਹਾਂ ਦੀ ਪਾਰਟੀ ਨੂੰ ਕਦੇ ਨਹੀਂ ਰੋਕ ਸਕਦੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਇਨਕਮ ਟੈਕਸ ਕਮਿਸ਼ਨਰ ਸਨ, ਪਰ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ ਅਤੇ ਸਿਸਟਮ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਇਸ ਲਈ, ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚ ਸ਼ਾਮਲ ਹੋਏ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਸਥਾਪਨਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇੱਕ ਅੰਦੋਲਨ ਤੋਂ ਨਿਕਲ ਕੇ ਆਏ ਹਾਂ, ਅਸੀਂ ਜੇਲ੍ਹਾਂ ਜਾਣ ਤੋਂ ਨਹੀਂ ਡਰਦੇ।
ਭਗਵੰਤ ਮਾਨ ਨੇ ਕਿਹਾ ਕਿ ਇਹ ਚੋਣਾਂ ਬਹੁਤ ਅਹਿਮ ਹਨ। ਸਾਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਹੁਤ ਸਾਵਧਾਨੀ ਅਤੇ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ, ਅਸੀਂ ਆਪਣੇ ਸੰਵਿਧਾਨ ਅਤੇ ਆਪਣੇ ਲੋਕਤੰਤਰ ਨੂੰ ਬਚਾਉਣ ਲਈ ਲੜ ਰਹੇ ਹਾਂ। ਕਿਉਂਕਿ ਜੇਕਰ ਇਸ ਵਾਰ ਨਫ਼ਰਤ ਫੈਲਾਉਣ ਵਾਲੇ ਜਿੱਤ ਗਏ ਤਾਂ ਉਹ ਸਾਡੇ ਲੋਕਤੰਤਰ ਨੂੰ ਖ਼ਤਮ ਕਰ ਦੇਣਗੇ, ਫੇਰ ਮੁੜ ਚੋਣਾਂ ਨਹੀਂ ਹੋਣਗੀਆਂ। ਮਾਨ ਨੇ ਕਿਹਾ ਕਿ ਅਸੀਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਸਹੁੰ ਚੁੱਕੀ ਸੀ, ਭਗਤ ਸਿੰਘ ਨੂੰ ਕਦੇ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਸਾਨੂੰ ਆਜ਼ਾਦੀ ਮਿਲੇਗੀ ਜਾਂ ਨਹੀਂ, ਉਹ ਜਾਣਦੇ ਸਨ ਕਿ ਸਾਨੂੰ ਆਜ਼ਾਦੀ ਮਿਲੇਗੀ,ਪਰ ਉਨ੍ਹਾਂ ਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਇਸ ਦੇਸ਼ ਨੂੰ ਕੌਣ ਚਲਾਏਗਾ, ਉਨ੍ਹਾਂ ਦੀਆਂ ਚਿੰਤਾਵਾਂ ਸਹੀ ਸਨ, ਦੇਖੋ ਕਿਵੇਂ 70-75 ਸਾਲਾਂ ਤੋਂ ਉਨ੍ਹਾਂ ਨੇ ਸਾਨੂੰ ਲੁੱਟਿਆ, ਅੱਜ ਵੀ ਲੋਕ ਬੁਨਿਆਦੀ ਸਹੂਲਤਾਂ ਤੋਂ ਦੂਰ ਹਨ ਅਤੇ ਸਾਡੇ ਕੋਲ ਅਜੇ ਵੀ ਮਜ਼ਬੂਤ ਬੁਨਿਆਦੀ ਢਾਂਚਾ ਨਹੀਂ ਹੈ। ਅਸੀਂ ਹੁਣ ਇਸ ਲੁੱਟ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਤੋਂ 43 ਹਜ਼ਾਰ ਨੌਕਰੀਆਂ ਦੇਣ ਤੋਂ ਬਾਅਦ ਅੱਜ ਇੱਥੇ ਖੜ੍ਹੇ ਹਨ। ਜੇਕਰ ਇਹ ਹੁਣ ਸੰਭਵ ਹੈ ਤਾਂ ਉਸ ਸਮੇਂ ਵੀ ਸੰਭਵ ਸੀ, ਪਰ ਰਵਾਇਤੀ ਸਿਆਸਤਦਾਨਾਂ ਵਿੱਚ ਆਮ ਲੋਕਾਂ ਲਈ ਕੁਝ ਵੀ ਕਰਨ ਦੇ ਇਰਾਦੇ ਦੀ ਘਾਟ ਸੀ। ਉਨ੍ਹਾਂ ਕਿਹਾ ਕਿ ਹੁਣ ਸਾਡੇ ਨੌਜਵਾਨਾਂ ਦਾ ਪਰਵਾਸ ਕਮ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਪੰਜਾਬ ਵਿੱਚ ਨੌਕਰੀਆਂ ਮਿਲ ਰਹੀਆਂ ਹਨ।