ਗਿੱਦੜਬਾਹਾ – ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 21801 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਹਨ। ਡਿੰਪੀ ਢਿੱਲੋਂ ਨੂੰ 71198 ਵੋਟਾਂ ਹਾਸਲ ਹੋਈਆਂ ਜਦਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੂਜੇ ਨੰਬਰ ‘ਤੇ ਰਹੇ ਜਿਨ੍ਹਾਂ ਨੂੰ 49397 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਹਲਕੇ ਵਿਚ ਸਭ ਤੋਂ ਪਤਲੀ ਹਾਲਤ ਮਨਪ੍ਰੀਤ ਸਿੰਘ ਬਾਦਲ ਦੀ ਰਹੀ ਹੈ। ਜਿਨ੍ਹਾਂ ਨੂੰ ਮਹਿਜ਼ 12174 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਬੈਲੇਟ ਪੇਪਰ ਦੀ ਗਿਣਤੀ ਕੀਤੀ ਗਈ। ਜਿਸ ਵਿਚ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਗੇ ਰਹੇ। ਜਿਸ ਤੋਂ ਬਾਅਦ ਡਿੰਪੀ ਢਿੱਲੋਂ ਲਗਾਤਾਰ ਅੱਗੇ ਹੀ ਚੱਲਦੇ ਰਹੇ। ਇਥੇ ਕੁੱਲ 16 ਰਾਊਂਡ ਵਿਚ ਗਿਣਤੀ ਪੂਰੀ ਹੋਈ। ਸਾਰੇ ਰੁਝਾਨਾਂ ਵਿਚ ਡਿੰਪੀ ਢਿੱਲੋਂ ਹੀ ਅੱਗੇ ਚੱਲਦੇ ਰਹੇ।