ਦੀਨਾਨਗਰ: ਜਿੱਥੇ ਪਿਛਲੇ ਕੁਝ ਦਿਨਾਂ ਤੋਂ ਰਾਵੀ ਦਰਿਆ ਵੱਲੋਂ ਇਲਾਕੇ ਅੰਦਰ 40 ਤੋਂ 50 ਪਿੰਡਾਂ ਨੂੰ ਆਪਣੀ ਲਪੇਟ ਵਿਚ ਆਉਣਾ ਕਾਰਨ ਹੜ ਦੀ ਸਥਿਤੀ ਨਾਲ ਲੋਕਾਂ ਨੂੰ ਨਜਿੱਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉੱਥੇ ਹੀ ਜਿੱਥੇ ਪਿਛਲੇ ਦਿਨੀ ਲੋਕਾਂ ਦਾ ਹਾਲ ਚਾਲ ਜਾਣਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਾਰੀ ਸਥਿਤੀ ਦਾ ਦੌਰਾ ਕਰਕੇ ਜਾਇਜਾ ਲਿਆ ਗਿਆ ਅਤੇ ਲੋਕਾਂ ਨੂੰ ਰਾਸ਼ਨ ਪਾਣੀ ਮੁਹਈਆ ਕਰਾਉਣ ਲਈ ਉਨ੍ਹਾਂ ਵੱਲੋਂ ਆਪਣਾ ਹੈਲੀਕਾਪਟਰ ਵੀ ਲੋਕਾਂ ਦੀ ਸੇਵਾ ਲਈ ਇਥੇ ਹੀ ਛੱਡ ਕੇ ਆਪ ਗੱਡੀ ਰਾਹੀਂ ਸਵਾਰ ਹੋ ਕੇ ਚੰਡੀਗੜ੍ਹ ਗਏ ਸਨ।
ਉੱਥੇ ਅੱਜ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਮੈਂਬਰ ਆਫ ਪਾਰਲੀਮੈਂਟ ਰਾਘਵ ਚੱਢਾ ਵੱਲੋਂ ਵੀ ਦੀਨਾਨਗਰ ਹਲਕੇ ਅਧੀਨ ਆਉਂਦੇ ਹੜ ਪੀੜਤ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਪਹਿਲਾਂ ਪਿੰਡ ਬਾਹਮਣੀ, ਚੰਡੀਗੜ੍ਹ ਆਬਾਦੀ, ਝਬਕਰਾ, ਜਾਗੋਚੱਕ ਟਾਡਾ, ਬਾਬਾ ਨਾਭਾ ਦਾਸ ਕਾਲੋਨੀ, ਮਕੌੜਾ ਸਮੇਤ ਹੋਰ ਕਈ ਪਿੰਡਾਂ ਅੰਦਰ ਟਰੈਕਟਰ ਤੇ ਸਵਾਰ ਹੋ ਕੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਲੋਕਾਂ ਲਈ ਹਰ ਵੇਲੇ ਹਾਜ਼ਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸਖਤ ਹੁਕਮ ਜਾਰੀ ਕੀਤੇ ਕਿ ਲੋਕਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਸਮੇਤ ਵੱਡੀ ਗਿਣਤੀ ਵਿਚ ‘ਆਪ’ ਦੇ ਆਗੂ ਅਤੇ ਪ੍ਰਸ਼ਾਸਨਕ ਅਧਿਕਾਰੀ ਹਾਜ਼ਰ ਸਨ।