ਜਲੰਧਰ –ਪੈਟਰੋਲ ਪੰਪ ਤੋਂ ਕਾਰ ਵਿਚ ਤੇਲ ਪੁਆ ਕੇ ਬਿਨਾਂ ਪੈਸੇ ਦਿੱਤੇ ਫ਼ਰਾਰ ਹੋਏ ਮੁਲਜ਼ਮ ਨੂੰ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਭਾਰਗੋ ਕੈਂਪ ਦੇ ਮੁਖੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਨਕੋਦਰ ਰੋਡ ’ਤੇ ਸਥਿਤ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ ਨੇੜੇ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ਦੇ ਮਾਲਕ ਹਿੰਮਤ ਸਿੰਘ ਨਿਵਾਸੀ ਖੁਰਲਾ ਕਿੰਗਰਾ ਨੇ 30 ਅਕਤੂਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਨੌਜਵਾਨ 26 ਅਕਤੂਬਰ ਨੂੰ ਰਾਤ 8.30 ਵਜੇ ਆਪਣੀ ਆਲਟੋ ਕਾਰ ਵਿਚ 1000 ਰੁਪਏ ਦਾ ਤੇਲ ਪੁਆਉਣ ਤੋਂ ਬਾਅਦ ਪੰਪ ਦੇ ਕਰਿੰਦੇ ਨੂੰ ਬਿਨਾਂ ਪੈਸੇ ਦਿੱਤੇ ਫ਼ਰਾਰ ਹੋ ਗਿਆ ਸੀ। ਪਹਿਲਾਂ ਉਨ੍ਹਾਂ ਆਪਣੇ ਪੱਧਰ ’ਤੇ ਕਾਰ ਚਾਲਕ ਦੀ ਭਾਲ ਕੀਤੀ ਪਰ ਜਦੋਂ ਕੁਝ ਪਤਾ ਨਾ ਲੱਗਾ ਤਾਂ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਠੀਕ ਸਮਝੀ।
ਐੱਸ. ਐੱਚ. ਓ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਪੁਲਸ ਦੀ ਜਾਂਚ ਵਿਚ ਉਕਤ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਲਵਲੀ ਪੁੱਤਰ ਮਹਿੰਦਰ ਸਿੰਘ ਨਿਵਾਸੀ 535, ਵਾਰਡ ਨੰਬਰ 14, ਗੁਰੂ ਨਾਨਕਪੁਰਾ ਚੌਗਿੱਟੀ, ਥਾਣਾ ਰਾਮਾ ਮੰਡੀ ਵਜੋਂ ਹੋਈ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਡੀ. ਏ. ਵੀ. ਇੰਸਟੀਚਿਊਟ ਨਜ਼ਦੀਕ ਕਾਰ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ।