ਨਵੀਂ ਦਿੱਲੀ – ਪੱਛਮੀ ਦਿੱਲੀ ਦੇ ਵਿਕਾਸਪੁਰੀ ’ਚ ਸਥਾਨਕ ਲੋਕਾਂ ਤੇ ਸ਼ਰਨਾਰਥੀਆਂ ਵਿਚਾਲੇ ਹੋਏ ਝਗੜੇ ਦੌਰਾਨ ਤੇਜ਼ਾਬ ਨਾਲ ਕੀਤੇ ਗਏ ਹਮਲੇ ’ਚ ਇਕ ਸੀਰੀਆਈ ਨਾਗਰਿਕ ਸਮੇਤ ਤਿੰਨ ਸ਼ਰਨਾਰਥੀ ਝੁਲਸ ਗਏ। ਪੁਲਸ ਨੇ ਦੱਸਿਆ ਕਿ ਇਸ ਹਮਲੇ ’ਚ 11 ਮਹੀਨੇ ਦਾ ਬੱਚਾ ਵੀ ਜ਼ਖਮੀ ਹੋ ਗਿਆ, ਜਿਸ ਨੂੰ ਸਫਦਰਜੰਗ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਪੁਲਸ ਮੁਤਾਬਕ ਇਸ ਸਬੰਧੀ ਐੱਫ. ਆਈ. ਆਰ. ਦਰਜ ਕਰ ਕੇ ਇਕ ਸਥਾਨਕ ਵਾਸੀ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ 30 ਸਤੰਬਰ ਨੂੰ ਵਿਕਾਸਪੁਰੀ ਸਥਿਤ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫਾਰ ਰਫਿਊਜੀਜ਼ (ਯੂ. ਐੱਨ. ਐੱਚ. ਆਰ. ਸੀ.) ਦੇ ਦਫ਼ਤਰ ਨੇੜੇ ਵਾਪਰੀ ਸੀ। ਪੁਲਸ ਨੇ ਕਿਹਾ ਕਿ ਸ਼ਰਨਾਰਥੀ ਅਕਸਰ ਕੰਮ ਤੇ ਸ਼ਰਨ ਲਈ ਉਕਤ ਦਫਤਰ ਆਉਂਦੇ ਰਹਿੰਦੇ ਹਨ। ਇੰਨਾ ਹੀ ਨਹੀਂ, ਉਹ ਅਕਸਰ ਨਾਅਰੇਬਾਜ਼ੀ ਵੀ ਕਰਦੇ ਹਨ, ਜਿਸ ਨਾਲ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।