ਇੱਕ ਪਾਸੇ ਦੇਸ਼ ’ਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਜੋ ਕਿ ਬਸ ਨੇਪਰੇ ਚੜਨ ਦੀ ਸਿਖਰ ’ਤੇ ਹੈ। ਦੂਜੇ ਪਾਸੇ ਪੰਜਾਬ ’ਚ ਚੋਣ ਜ਼ਾਬਤੇ ਦੇ ਦਰਮਿਆਨ ਨਸ਼ਾ ਤਸਕਰਾਂ ਦੀਆਂ ਗਤੀਵਿਧੀਆ ਤੇਜ਼ੀ ਨਾਲ ਵੱਧ ਗਈਆਂ ਹਨ। ਪਰ ਇਸ ਵਿਚਾਲੇ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰੀ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਦਾ ਖੁਲਾਸਾ ਡੀਜੀਪੀ ਪੰਜਾਬ ਵੱਲੋਂ ਐਕਸ ’ਤੇ ਪੋਸਟ ਕਰਕੇ ਕੀਤਾ ਗਿਆ। ਡੀਜੀਪੀ ਪੰਜਾਬ ਨੇ ਲਿਖਿਆ ਕਿ ਫਾਜ਼ਿਲਕਾ ਪੁਲਿਸ ਅਤੇ ਬੀ.ਐੱਸ.ਐੱਫ਼ ਨੇ ਇਕ ਸਾਂਝੇ ਆਪਰੇਸ਼ਨ ਦੌਰਾਨ ਇਕ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਹੈ। ਜੋ ਸਰਹੱਦ ਪਾਰੋ ਨਸ਼ਾ ਮੰਗਵਾ ਕੇ ਪੰਜਾਬ ਦੀ ਜਵਾਨੀ ਰੋਲਣ ਲਈ ਅੱਗੇ ਸਪਲਾਈ ਕਰਦਾ ਸੀ।
ਪੁਲਿਸ ਅਧਿਕਾਰੀ ਮੁਤਾਬਕ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 7 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਕੇ ਤੋਂ ਮੁਲਜ਼ਮਾਂ ਪਾਸੋਂ 5.47 ਕਿਲੋ ਸ਼ੁੱਧ ਗ੍ਰੇਡ ਹੈਰੋਇਨ ਅਤੇ 40 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ 1.7 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਐ। ਜਾਂਚ ਅਧਿਕਾਰੀਆਂ ਮੁਤਾਬਕ ਹਿਰਾਸਤ ’ਚ ਲਏ ਗਏ ਦੋਸ਼ੀ ਗੁਆਂਢੀ ਦੇਸ਼ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਸੰਪਰਕ ਵਿੱਚ ਸੀ। ਜੋ ਪਰਲੇ ਪਾਰ ਤੋਂ ਨਸ਼ਾ ਮੰਗਵਾ ਕੇ ਅੱਗੇ ਸਪਲਾਈ ਕਰਦੇ ਸਨ। ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਇਸੇ ਦੇ ਨਾਲ ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਰਿਮਾਂਡ ਹਾਸਿਲ ਕਰਕੇ ਪੁੱਛ-ਗਿੱਛ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।