ਲੁਧਿਆਣਾ: ਮਹਾਨਗਰ ਵਿੱਚ ਪੁਲਸ ਦਾ ਖੌਫ਼ ਇਸ ਕਦਰ ਖ਼ਤਮ ਹੋ ਚੁੱਕਾ ਹੈ ਕਿ ਹੁਣ ਸ਼ਾਤਰ ਚੋਰਾਂ ਨੇ ਵਿਅਸਤ ਬਾਜ਼ਾਰਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲਾ ਢੰਡਾਰੀ ਖੁਰਦ ਮਾਰਕੀਟ ਤੋਂ ਸਾਹਮਣੇ ਆਇਆ ਹੈ, ਜਿੱਥੇ ਐਤਵਾਰ ਤੜਕਸਾਰ ਬੇਖੌਫ਼ ਚੋਰਾਂ ਨੇ ਇਕ ਮੋਬਾਈਲ ਤੇ ਇਲੈਕਟ੍ਰਾਨਿਕਸ ਦੀ ਦੁਕਾਨ ਦੇ ਸ਼ਟਰ ਨੂੰ ਉਖਾੜ ਦਿੱਤਾ ਤੇ ਅੰਦਰ ਰੱਖੇ ਕੀਮਤੀ ਸਾਮਾਨ ’ਤੇ ਹੱਥ ਸਾਫ਼ ਕਰ ਦਿੱਤਾ। ‘ਸਾਹੂ ਟੈਲੀਕਾਮ’ ਨਾਮਕ ਇਸ ਦੁਕਾਨ ਵਿਚ ਚੋਰੀ ਦੀ ਪੂਰੀ ਕਹਾਣੀ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਵਿਚ ਚੋਰ ਬੜੇ ਆਰਾਮ ਨਾਲ ਸਾਮਾਨ ਸਮੇਟਦੇ ਨਜ਼ਰ ਆ ਰਹੇ ਹਨ। ਦੁਕਾਨਦਾਰ ਰਾਮ ਜੀਤ ਸਾਹੂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸਨ। ਰਾਤ ਕਰੀਬ ਢਾਈ ਵਜੇ ਜਦੋਂ ਸਾਰੀ ਦੁਨੀਆ ਡੂੰਘੀ ਨੀਂਦ ਵਿੱਚ ਸੀ, ਉਦੋਂ ਗਲੀ ਦੇ ਕੁਝ ਜਾਗਰੂਕ ਗੁਆਂਢੀਆਂ ਨੇ ਦੇਖਿਆ ਕਿ ਦੁਕਾਨ ਦਾ ਸ਼ਟਰ ਉੱਪਰ ਉੱਠਿਆ ਹੋਇਆ ਹੈ।
ਅਣਹੋਣੀ ਦੀ ਸ਼ੰਕਾ ਹੁੰਦਿਆਂ ਹੀ ਉਨ੍ਹਾਂ ਨੇ ਤੁਰੰਤ ਦੁਕਾਨਦਾਰ ਨੂੰ ਫੋਨ ਕੀਤਾ। ਰਾਤ ਦੇ 3 ਵਜੇ ਜਦੋਂ ਉਹ ਦੁਕਾਨ ’ਤੇ ਪਹੁੰਚੇ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਰੈਕ ਖਾਲੀ ਪਏ ਸਨ ਤੇ ਗੱਲਾ ਚੋਰੀ ਦੀ ਗਵਾਹੀ ਦੇ ਰਿਹਾ ਸੀ। ਜਦੋਂ ਦੁਕਾਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਖੰਗਾਲੀ ਤਾਂ ਦੋ ਸ਼ੱਕੀ ਨੌਜਵਾਨ ਬੜੇ ਸ਼ਾਤਰਾਨਾ ਢੰਗ ਨਾਲ ਦੁਕਾਨ ਵਿੱਚ ਦਾਖਲ ਹੁੰਦੇ ਦਿਖਾਈ ਦਿੱਤੇ। ਚੋਰਾਂ ਨੇ ਬੜੇ ਆਰਾਮ ਨਾਲ ਇਕ ਐੱਲ.ਈ.ਡੀ. ਟੀ.ਵੀ. ਤੇ ਸਟੈਂਡਿੰਗ ਪੱਖਾ ਚੁੱਕਿਆ। ਇੰਨਾ ਹੀ ਨਹੀਂ, ਗੱਲੇ ਵਿੱਚ ਰੱਖੇ ਨੋਟਾਂ ਦੇ ਬੰਡਲ ਤੇ ਭਾਨ ਨੂੰ ਵੀ ਉਨ੍ਹਾਂ ਨੇ ਇੱਕ ਵੱਡੇ ਲਿਫ਼ਾਫ਼ੇ ਵਿੱਚ ਭਰਿਆ। ਪੀੜਤ ਮੁਤਾਬਕ ਚੋਰ ਕਰੀਬ 1 ਲੱਖ ਰੁਪਏ ਤੋਂ ਵੱਧ ਦਾ ਮਾਲ ਤੇ ਨਕਦੀ ਲੈ ਗਏ ਹਨ।

