ਮਿਊਨਿਖ – ਜਰਮਨੀ ਦੇ ਮਿਊਨਿਖ ਸ਼ਹਿਰ ’ਚ ਇਕ ਅਫਗਾਨ ਸ਼ਰਨਾਰਥੀ ਨੇ ਲੋਕਾਂ ’ਤੇ ਕਾਰ ਚੜ੍ਹਾ ਦਿੱਤੀ। ਇਸ ਹਾਦਸੇ ’ਚ 28 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਇੱਥੋਂ ਦੇ ਡਾਊਨਟਾਊਨ ਇਲਾਕੇ ਨੇੜੇ ਸਥਾਨਕ ਸਮੇਂ ਅਨੁਸਾਰ ਸਵੇਰੇ ਲੱਗਭਗ 10:30 ਵਜੇ ਵਾਪਰੀ। ਉਸ ਸਮੇਂ ਸਰਵਿਸ ਵਰਕਰਜ਼ ਯੂਨੀਅਨ ਦੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਸਨ।
ਪੁਲਸ ਨੇ 24 ਸਾਲ ਦੇ ਹਮਲਾਵਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਡਰਾਈਵਰ ਦਾ ਨਾਂ ਸੁਲੇਮਾਨ ਏ. ਦੱਸਿਆ ਜਾ ਰਿਹਾ ਹੈ। ਪੁਲਸ ਨੇ ਮੌਕੇ ਤੋਂ ਮਿੰਨੀ ਕੂਪਰ ਕਾਰ ਨੂੰ ਬਰਾਮਦ ਕੀਤਾ ਹੈ। ਫਾਇਰ ਸਰਵਿਸ ਮੁਤਾਬਕ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਹਮਲਾ ਜਾਣਬੁੱਝ ਕੇ ਕੀਤਾ ਗਿਆ ਹੈ।
ਗ੍ਰਹਿ ਮੰਤਰੀ ਜੋਆਚਿਮ ਹਰਮਨ ਮੁਤਾਬਕ ਪੁਲਸ ਹਮਲਾਵਰ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। ਉਹ ਪਹਿਲਾਂ ਵੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਦੁਕਾਨ ਤੋਂ ਸਾਮਾਨ ਚੋਰੀ ਕਰਨ ਦੇ ਦੋਸ਼ਾਂ ’ਚ ਫੜਿਆ ਜਾ ਚੁੱਕਾ ਹੈ।