ਦੇਸ਼ ’ਚ ਲੋਕ ਸਭਾ ਚੌਣਾਂ ਦੇ ਚੱਲਦੇ ਸ਼ਰਾਰਤੀ ਅੰਸਰਾਂ ਵੱਲੋਂ ਵਾਰ-ਵਾਰ ਬੰਬ ਦੀਆਂ ਧਮਕੀਆਂ ਦਿੱਤੀਆ ਜਾ ਰਹੀਆਂ ਹਨ। ਰਿਪੋਰਟਾਂ ਮੁਤਾਬਕ ਲੋਕ ਸਭਾ ਚੌਣਾਂ ਨੂੰ ਪ੍ਰਭਾਵਿਤ ਕਰਨ ਲਈ ਦਖਲ਼ਅੰਦਾਜੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਹਫ਼ਤੇ ਦਿੱਲੀ ਦੇ ਸਕੂਲਾਂ ਨੂੰ ਧਮਕੀ ਮਿਲਣ ਤੋਂ ਬਾਅਦ ਬੀਤੇਂ ਦਿਨੀ ਦੋ ਹਸਪਤਾਲਾਂ ’ਚ ਬੰਬ ਹੋਣ ਦੀ ਧਮਕੀ ਦਿੱਤੀ ਗਈ। ਇਸ ਦੇ ਨਾਲ ਹੀ ਅੱਜ ਇੱਕ ਫਿਰ ਚਾਰ ਹਸਪਤਾਲਾਂ ’ਚ ਬੰਬ ਦੀ ਧਮਕੀ ਤੋਂ ਕੁੱਝ ਹੀ ਘੰਟਿਆਂ ਬਾਅਦ ਹੀ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਇੱਕ ਹੀ ਸਮੂਹ ਜਾਂ ਵਿਅਕਤੀ ਵੱਲੋਂ ਇਹ ਧਮਕੀਆਂ ਦਿੱਤੀਆ ਜਾ ਰਹੀਆ ਹਨ ਕਿਉਂਕਿ ਧਮਕੀ ਦੇਣ ਦਾ ਪੈਟਰਨ ਹਰ ਵਾਰ ਉਹੀ ਰਹਿੰਦਾ ਹੈ। ਇਹ ਧਮਕੀਆਂ ਈ-ਮੇਲ ਦੇ ਜ਼ਰੀਏ ਦਿੱਤੀਆਂ ਜਾ ਰਹੀਆਂ ਹਨ। ਧਮਕੀ ਦੀ ਸੂਚਨਾ ਮਿਲਦੇ ਹੀ ਪੁਲਿਸ, ਬਚਾਅ ਕਰਮਚਾਰੀ, ਬੰਬ ਰੋਧਕ ਦਸਤਾ, ਡੌਗ ਸਕਵੈਡ ਮੌਕੇ ’ਤੇ ਪਹੁੰਚਦੇ ਹਨ। ਇਮਾਰਤਾਂ ਦੀ ਤਲਾਸ਼ੀ ਲਈ ਜਾਂਦਾ ਹੈ। ਪਰ ਕਰਮਚਾਰੀਆਂ ਦੇ ਹੱਥ ਖਾਲੀ ਹੁੰਦੇ ਹਨ। ਦੇਖਿਆ ਜਾਵੇ ਤਾਂ ਇਹ ਧਮਕੀਆਂ ਧਿਆਨ ਭਟਕਾਉਣ ਲਈ ਦਿੱਤੀਆ ਹੋ ਸਕਦੀਆਂ ਹਨ। ਹੋ ਸਕਦਾ ਹੈ ਕਿ ਲੋਕ ਸਭਾ ਚੌਣਾਂ ਦੇ ਚੱਲਦੇ ਸ਼ਰਾਰਤੀ ਅੰਸਰ ਕੋਈ ਵੱਡੀ ਯੋਜਨਾ ਬਣਾ ਰਹੇ ਹੋਣ। ਇਸੇ ਕਰਕੇ ਇਨ੍ਹਾਂ ਧਮਕੀਆਂ ਦੇ ਮੱਦੇਨਜ਼ਰ ਪੁਲਿਸ ਅਲਰਟ ’ਤੇ ਹੈ। ਆਮ ਲੋਕਾਂ ਨੂੰ ਸ਼ੱਕੀ ਚੀਜ਼ਾਂ ਦੀ ਸੂਚਨਾ ਮਿਲਣ ’ਤੇ ਪੁਲਿਸ ਨੂੰ ਤੁਰੰਤ ਸੂਚਿਤ ਕਰਨ ਲਈ ਕਿਹਾ ਗਿਆ ਹੈ।
ਹੁਣ ਜੇਕਰ ਤਿਹਾੜ ਜੇਲ੍ਹ ਦੀ ਗੱਲ ਕਰੀਏ ਤਾਂ ਇੱਥੇ ਵੀ ਬਚਾਅ ਕਰਮਚਾਰੀ ਮੌਕੇ ’ਤੇ ਪਹੁੰਚੇ। ਕਰਮਚਾਰੀਆਂ ਵੱਲੋਂ ਤੁਰੰਤ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਕੁੱਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ। ਫਿਲਹਾਲ ਸੰਬੰਧਿਤ ਅਧਿਕਾਰੀਆਂ ਵੱਲੋਂ ਅਜੇ ਵੀ ਜਾਂਚ ਜਾਰੀ ਹੈ।