ਬੀਤੇ ਦਿਨੀਂ ਪਟਿਆਲਾ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਗੋਲੀਬਾਰੀ ’ਚ ਪਿਉ-ਪੁੱਤ ਸਣੇ ਤਿੰਨ ਲੋਕ ਜ਼ਖ਼ਮੀ ਹੋ ਗਏ ਸੀ। ਇਸੇ ਤਰ੍ਹਾਂ ਦੀ ਮੰਦਭਾਗੀ ਖ਼ਬਰ ਅੱਜ ਅਬੋਹਰ ਤੋਂ ਸਾਹਮਣੇ ਆਈ ਹੈ। ਜਿੱਥੇ ਪਿੰਡ ਬਹਾਦਰਖੇੜਾ ਵਿੱਚ ਅੱਜ ਜ਼ਮੀਨੀ ਵਿਵਾਦ ਨੇ ਖ਼ੂਨੀ ਰੂਪ ਧਾਰ ਲਿਆ ਅਤੇ ਇੱਕ ਦੂਜੇ ਦੀ ਜਾਨ ਦੀ ਪਿਆਸੇ ਬਣਾ ਦਿੱਤਾ। ਇਸ ਦੌਰਾਨ ਇੱਕ ਧਿਰ ਨੇ ਦੂਜੀ ਧਿਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਪਿਉ-ਪੁੱਤ ਸਣੇ ਤਿੰਨ ਲੋਕ ਜ਼ਖ਼ਮੀ ਹੋ ਗਏ। ਫਿਲਹਾਲ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਹਸਪਤਾਲ ’ਚ ਜ਼ੇਰੇ ਇਲਾਜ਼ ਸਤਿੰਦਰ, ਉਸਦਾ ਚਾਚਾ ਬਲਦੇਵ ਸਿੰਘ ਅਤੇ ਉਸਦੇ ਲੜਕੇ ਗੁਰਜੰਟ ਨੇ ਦੱਸਿਆ ਕਿ ਉਹ ਗਿੱਦੜਬਾਹਾ ’ਚ ਰਹਿੰਦੇ ਹਨ ਤੇ ਉਨ੍ਹਾਂ ਦੀ ਜ਼ਮੀਨ ਬਹਾਦਰਖੇੜਾ ’ਚ ਹੈ। ਉਸ ਦਾ ਆਪਣੇ ਚਚੇਰੇ ਭਰਾਵਾਂ ਨਾਲ ਪੁਰਾਣਾ ਜ਼ਮੀਨੀ ਝਗੜਾ ਚੱਲ ਰਿਹਾ ਹੈ, ਜਿਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ਼ ਕਰਵਾਈ ਗਈ ਹੈ। ਅੱਜ ਸਵੇਰੇ ਜਦੋਂ ਉਹ ਆਪਣੇ ਖੇਤਾਂ ਨੂੰ ਪਾਣੀ ਦੇਣ ਆਏ ਤਾਂ ਉਸ ਦੇ ਚਚੇਰੇ ਭਰਾਵਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਹਮਲਾਵਰ ਉਥੋਂ ਫ਼ਰਾਰ ਹੋ ਗਏ।
ਇਸ ਦੇ ਨਾਲ ਹੀ ਹਸਪਤਾਲ ਦੇ ਡਾਕਟਰ ਸੰਦੀਪ ਨੇ ਦੱਸਿਆ ਕਿ ਗੋਲੀਬਾਰੀ ਨਾਲ ਜ਼ਖ਼ਮੀ ਹੋਏ ਤਿੰਨ ਵਿਅਕਤੀਆਂ ਦਾ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਜਿੰਨ੍ਹਾਂ ਵੱਲੋਂ ਮਾਮਲਾ ਦਰਜ਼ ਕਰਕੇ ਅਗਲੀ ਜਾਂਚ ਆਰੰਭ ਦਿੱਤੀ ਗਈ ਹੈ।