ਬਰਨਾਲਾ : ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨਾ ਮੰਨੀਆਂ ਜਾਣ ਦੇ ਰੋਸ ਵਜੋਂ ਬੀਤੇ ਦਿਨੀਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜੋ ਪੂਰੀ ਤਰ੍ਹਾਂ ਸਫ਼ਲ ਰਿਹਾ। ਇਸ ਬੰਦ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੀ ਕੇਂਦਰ ਸਰਕਾਰ ਦੀ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਮਗਰੋਂ ਆਉਣ ਵਾਲੇ ਸੰਘਰਸ਼ਾਂ ਲਈ ਵੀ ਮੀਟਿੰਗ ਕੀਤੀ ਗਈ।
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 4 ਜਨਵਰੀ ਨੂੰ ਸੰਯੁਕਤ ਮੋਰਚੇ ਦੇ ਸੱਦੇ ‘ਤੇ ਹਰਿਆਣਾ ਅਤੇ ਪੰਜਾਬ ਦੀ ਮਹਾਂ ਪੰਚਾਇਤ ਟੋਹਾਣਾ ਵਿਚ ਕੀਤੀ ਜਾ ਰਹੀ ਹੈ। ਸੁਨਾਮ ਬਲਾਕ ਵਿੱਚੋਂ ਲੱਗਭਗ 35 ਬੱਸਾਂ ਇਸ ਮਹਾਂ ਪੰਚਾਇਤ ਵਿਚ ਸ਼ਾਮਲ ਹੋਣਗੀਆਂ, ਇਸ ਦੇ ਨਾਲ ਹੀ 5 ਬੱਸਾਂ ਔਰਤਾਂ ਦੀਆਂ ਵੀ ਜਾਣਗੀਆਂ। ਇਸੇ ਤਰ੍ਹਾਂ 9 ਜਨਵਰੀ ਨੂੰ ਸੰਯੁਕਤ ਮੋਰਚੇ ਵੱਲੋਂ ਮੋਗਾ ਵਿਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿਚ ਵੀ ਸੂਬੇ ਭਰ ਵਿਚੋਂ ਕਿਸਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਖਰੜੇ ਨੂੰ ਲੈਕੇ ਆਉਣ ਵਾਲੇ ਸਮੇਂ ਵਿਚ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਹ ਖੇਤੀਬਾੜੀ ਖਰੜੇ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਮੋਦੀ ਸਰਕਾਰ ਕਾਰਪੋਰੇਟ ਦੇ ਪੱਖ ਪੂਰਨ ਵਾਸਤੇ ਇਹ ਖੇਤੀਬਾੜੀ ਖਰੜੇ ਲੈ ਕੇ ਆਈ ਹੈ ਇਨ੍ਹਾਂ। ਖਰੜਿਆਂ ਨਾਲ ਸਰਕਾਰੀ ਮੰਡੀ ਬਿਲਕੁਲ ਤਬਾਹ ਹੋ ਜਾਵੇਗੀ ਅਤੇ ਪੰਜਾਬ ਦਾ ਖੇਤੀਬਾੜੀ ਧੰਦਾ ਬਰਬਾਦ ਹੋ ਜਾਵੇਗਾ। ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹਾ ਕਰ ਕੇ ਉਹੀ ਕਾਲੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ, ਜਿਹੜੇ ਦਿੱਲੀ ਦੇ ਕਿਸਾਨ ਅੰਦੋਲਨ ਮਗਰੋਂ ਵਾਪਸ ਲਏ ਗਏ ਸਨ।