ਫਗਵਾੜਾ/ਚੰਡੀਗੜ੍ਹ – ਝੋਨੇ ਦੀ ਖ਼ਰੀਦ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਕਿਸਾਨ ਆਗੂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਵਿਚਾਲੇ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਦਿਵਾਏ ਗਏ ਭਰੋਸੇ ਤੋਂ ਬਾਅਦ ਹਾਈਵੇਅ ਤੋਂ ਕਿਸਾਨਾਂ ਵੱਲੋਂ ਲਗਾਇਆ ਗਿਆ ਜਾਮ ਹਟਾ ਦਿੱਤਾ ਜਾਵੇਗਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਡੀ. ਏ. ਪੀ. ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਨਤਾ ਨੂੰ ਆ ਰਹੀ ਪਰੇਸ਼ਾਨੀ ਦੇ ਚਲਦਿਆਂ ਹਾਈਵੇਅ ਤੋਂ ਧਰਨੇ ਹਟਾ ਦਿੱਤੇ ਜਾਣਗੇ ਜਦਕਿ ਸੜਕਾਂ ਦੇ ਕਿਨਾਰੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਧਰਨੇ ਦੇਣਾ ਕੱਲ੍ਹ ਵੀ ਸਾਡੀ ਮਜਬੂਰੀ ਸੀ ਅਤੇ ਅੱਜ ਵੀ ਸਾਡੀ ਮਜਬੂਰੀ ਹੈ। ਆਵਾਜਾਈ ਲਈ ਸੜਕਾਂ ਖਾਲੀ ਕਰ ਦਿੱਤੀਆਂ ਜਾਣਗੀਆਂ ਅਤੇ ਸਰਕਾਰ ਵੱਲੋਂ ਭਰੋਸਾ ਪੂਰਾ ਨਾ ਹੋਣ ‘ਤੇ ਵੱਡਾ ਅੰਦੋਲਨ ਕੀਤਾ ਜਾਵੇਗਾ।
ਕਿਸਾਨ ਮਜ਼ਦੂਰ ਮੋਰਚਾ (ਭਾਰਤ) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ‘ਚ ਝੋਨੇ ਦੀ ਖ਼ਰੀਦ ਵਿੱਚ ਚੱਲ ਰਹੀ ਮੁਸ਼ਕਿਲ ਹੱਲ ਕਰਵਾਉਣ ਲਈ ਪੰਜਾਬ ਅੰਦਰ ਸੰਗਰੂਰ ‘ਚ ਬਡਰੁੱਖਾਂ, ਮੋਗਾ ਵਿੱਚ ਡਬਰੂ, ਕਪੂਰਥਲਾ ਵਿੱਚ ਫਗਵਾੜਾ, ਗੁਰਦਾਸਪੁਰ ਦੇ ਸਠਿਆਲੀ, ਬਠਿੰਡਾ ਵਿੱਚ ਜੱਸੀ ਚੌਕ ਵਿਖੇ ਮੁੱਖ ਸੜਕਾਂ ਜਾਮ ਕਰਕੇ ਅਣਮਿੱਥੇ ਸਮੇਂ ਲਈ ਕੱਲ੍ਹ ਤੋਂ ਸ਼ੁਰੂ ਧਰਨਾ ਪ੍ਰਦਰਸ਼ਨ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਫੂਡ ਸਪਲਾਈ ਮੰਤਰੀ ਕਟਾਰੂਚੱਕ ਅਤੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜਥੇਬੰਦੀਆਂ ਦੇ ਆਗੂਆਂ ਨਾਲ ਫਗਵਾੜਾ ਵਿਖੇ ਮੀਟਿੰਗ ਕੀਤੀ ਗਈ।