ਬਰਨਾਲੇ ਤੋਂ ਦਿਲ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੀ ਮਾਂ ਅਤੇ ਧੀ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਵਿਅਕਤੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇੰਨਾ ਹੀ ਨਹੀਂ ਵਿਅਕਤੀ ਨੇ ਮਰਦੇ ਹੋਏ ਆਪਣੇ ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ।
ਘਟਨਾ ਸ਼ਨੀਵਾਰ ਸ਼ਾਮ ਬਰਨਾਲੇ ਦੀ ਰਾਮ ਰਾਜ ਕਾਲੋਨੀ ਦੀ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਕੁਲਵੀਰ ਸਿੰਘ ਮਾਨ, ਮਾਤਾ ਬਲਵੰਤ ਕੌਰ ਅਤੇ ਧੀ ਨਿਮਰਤ ਕੌਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕੁਲਵੀਰ ਸਿੰਘ ਮਾਨ ਦੀ ਪਤਨੀ ਰੋਜ਼ਾਨਾ ਵਾਂਗ ਜਦੋਂ ਸ਼ਾਮ ਨੂੰ ਦੁੱਧ ਲੈਣ ਗਈ ਤਾਂ ਪਤਨੀ ਦੀ ਗੈਰ-ਮੌਜੂਦਗੀ ’ਚ ਕੁਲਵੀਰ ਨੇ ਆਪਣੇ ਰਿਵਾਲਵਰ ਨਾਲ ਘਟਨਾ ਨੂੰ ਅੰਜ਼ਾਮ ਦਿੱਤਾ।
ਕੁਲਵੀਰ ਸਿੰਘ ਮਾਨ ਨੇ ਅੱਧੇ ਘੰਟੇ ਦੇ ਅੰਦਰ ਹੀ ਕਤਲ ਦੀਆਂ ਸਾਰੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਜਦੋਂ ਉਸ ਦੀ ਪਤਨੀ ਰਮਨਦੀਪ ਕੌਰ ਵਾਪਸ ਘਰ ਪਰਤੀ ਤਾਂ ਕੁੱਤੇ ਸਣੇ ਘਰ ਵਿੱਚ ਚਾਰ ਲਾਸ਼ਾਂ ਪਈਆਂ ਦੇਖੀਆਂ। ਇਸ ਦੌਰਾਨ ਰਮਨਦੀਪ ਕੌਰ ਉੱਚੀ-ਉੱਚੀ ਚੀਕਾਂ ਮਾਰਨ ਲੱਗੀ ਤਾਂ ਉਸ ਦੀ ਆਵਾਜ਼ ਸੁਣ ਕੇ ਕਾਲੋਨੀ ਦੇ ਲੋਕ ਇੱਕਠੇ ਹੋਏ ਜਿੰਨ੍ਹਾਂ ਨੇ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ।
ਘਟਨਾ ਨੂੰ ਲੈ ਕੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਸੀਸੀਟੀਵੀ ਮੁਤਾਬਕ ਕੁਲਵੀਰ ਨੇ ਸਭ ਤੋਂ ਵੱਧ ਗੋਲੀਆਂ ਆਪਣੀ 21 ਸਾਲਾਂ ਧੀ ਨਿਮਰਤ ਕੌਰ ‘ਤੇ ਚਲਾਈਆਂ ਜੋ ਕਿ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਆਪਣੇ ਮਾਤਾ-ਪਿਤਾ ਕੋਲ ਛੁੱਟੀਆਂ ਕੱਟਣ ਆਈ ਸੀ।
ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਕੁਲਵੀਰ ਡਿਪ੍ਰੈਸ਼ਨ ਤੋਂ ਪੀੜਤ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ। ਉਸ ਨੂੰ ਸੌਣ ਵਿਚ ਵੀ ਤਕਲੀਫ਼ ਹੁੰਦੀ ਸੀ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਕੁਲਵੀਰ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।