ਨੈਸ਼ਨਲ – 12 ਜੂਨ ਨੂੰ ਅਹਿਮਦਾਬਾਦ ‘ਚ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਕ੍ਰੈਸ਼ ਹੋ ਗਿਆ, ਜਿਸ ਕਾਰਨ ਜਹਾਜ਼ ਸਵਾਰ 242 ‘ਚੋਂ 241 ਲੋਕਾਂ ਸਣੇ ਕੁੱਲ 275 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਮ੍ਰਿਤਕਾਂ ‘ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਵੀ ਸ਼ਾਮਲ ਸਨ।
ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਹਿਮਦਾਬਾਦ ਤੋਂ ਲੰਡਨ ਲਈ ਰਵਾਨਾ ਹੋਣ ਵਾਲੀ ਏਅਰ ਇੰਡੀਆ ਦੀ ਫਲਾਈਟ ਏ.ਆਈ.159 ਤਕਨੀਕੀ ਖ਼ਰਾਬੀ ਕਾਰਨ ਰੱਦ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਲਾਈਟ ਅੱਜ ਦੁਪਹਿਰ 1.10 ਵਜੇ ਲੰਡਨ ਲਈ ਰਵਾਨਾ ਹੋਣੀ ਸੀ। ਇਸ ਦੇ ਰੱਦ ਹੋਣ ਕਾਰਨ 200 ਤੋਂ ਵੱਧ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਵੇਗੀ।
ਜ਼ਿਕਰਯੋਗ ਹੈ ਕਿ ਅਹਿਮਦਾਬਾਦ ਪਲੇਨ ਕ੍ਰੈਸ਼ ਤੋਂ ਬਾਅਦ ਇਸ ਏਅਰਪੋਰਟ ਤੋਂ ਲੰਡਨ ਲਈ ਰਵਾਨਾ ਹੋਣ ਵਾਲੀ ਇਹ ਪਹਿਲੀ ਫਲਾਈਟ ਸੀ, ਜੋ ਕਿ ਤਕਨੀਕੀ ਖ਼ਰਾਬੀ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸ ਫਲਾਈਟ ਦੇ ਰੱਦ ਹੋਣ ਮਗਰੋਂ ਏਅਰਲਾਈਨ ਨੇ ਟਿਕਟ ਰਿਫੰਡ ਕਰਨ ਦਾ ਆਪਸ਼ਨ ਵੀ ਦੇ ਦਿੱਤਾ ਹੈ। ਹੁਣ ਇਹ ਫਲਾਈਟ ਕਦੋਂ ਉੱਡੇਗੀ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।