ਅਖੇ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਹਨ, ਇਹ ਕਹਾਣੀ ਉਸ ਸਮੇਂ ਫਰਜ਼ੀ ਜਾਪੀ ਜਦੋਂ ਇੱਕ ਬਜ਼ੁਰਗ ਬਾਪ ਨੇ ਆਪਣੀ ਹੀ ਧੀ ’ਤੇ ਹੀ ਧੋਖੇ ਨਾਲ ਜ਼ਮੀਨ ਹੜੱਪਣ ਦੇ ਇਲਜ਼ਾਮ ਲਗਾਏ। ਦਰਅਸਲ ਮਾਮਲਾ ਅੰਮ੍ਰਿਤਸਰ ਦੇ ਪਿੰਡ ਚੱਬੇ ਤੋਂ ਸਾਹਮਣੇ ਆਇਆ ਹੈ, ਜਿੱਥੇ ਬਜ਼ੁਰਗ ਪਿਓ ਨੇ ਆਪਣੀ ਧੀ ’ਤੇ ਧੋਖਾਧੜੀ ਕਰਨ ਦੇ ਦੋਸ਼ ਲਗਾਏ। ਪੀੜ੍ਹਤ ਬਜ਼ੁਰਗ ਸਤਨਾਮ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਧੀ ਨੂੰ ਬੜੀ ਮੇਹਨਤ ਮਜ਼ਦੂਰੀ ਕਰਕੇ ਪੜ੍ਹਾਇਆ ਲਿਖਾਇਆ ਸੀ ਕਿ ਬੁਢਾਪੇ ਵਿੱਚ ਸਹਾਰਾ ਬਣੇਗੀ। ਪਰ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਧੀ ਹੀ ਉਸ ਨਾਲ ਧੋਖਾ ਕਰੇਗੀ ਅਤੇ ਜਾਇਦਾਦ ਹੜਪ ਲਵੇਗੀ।
ਪੀੜ੍ਹਤ ਨੇ ਕਿਹਾ ਕਿ ਉਸਦੀ ਪਿੰਡ ਵਿੱਚ 6 ਮਰਲੇ ਦੀ ਜਗ੍ਹਾ ਹੈ, ਜਿਸ ਦੇ ਕਾਗਜ਼ਾਂ ’ਤੇ ਉਸਦੀ ਧੀ ਨੇ ਧੋਖੇ ਨਾਲ ਅੰਗੂਠਾ ਲਵਾ ਲਿਆ। ਬਜ਼ੁਰਗ ਨੇ ਦੱਸਿਆ ਕਿ ਉਹ ਖੁਦ ਪੜ੍ਹਿਆ ਲਿਖਿਆ ਨਹੀਂ ਹੈ, ਇਸੇ ਦਾ ਫਾਇਦਾ ਉਸ ਦੀ ਧੀ ਬਲਜੀਤ ਕੌਰ ਨੇ ਚੁੱਕਿਆ। ਇਸ ਦੇ ਨਾਲ ਹੀ ਹੁਣ ਉਸਦੀ ਧੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਨੇ ਆਪਣੇ ਪਿਉ ਨੂੰ ਜ਼ਮੀਨ ਦੇ ਬਦਲੇ 15 ਲੱਖ ਰੁਪਏ ਦਿੱਤੇ ਹਨ। ਜਦੋ ਕਿ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਅਤੇ ਨਾ ਹੀ ਕੋਈ ਗਵਾਹ ਹੈ ਜਿਸਦੇ ਸਾਹਮਣੇ ਪੈਸੇ ਦਿੱਤੇ ਗਏ ਹੋਣ। ਫਿਲਹਾਲ ਪੀੜ੍ਹਤ ਪਰਿਵਾਰ ਪੁਲਿਸ ਅਤੇ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਉਸਦੀ ਜਗ੍ਹਾ ਵਾਪਿਸ ਕਰਵਾਈ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ|