ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੌਗਾਟ ਤੋਂ ਬਾਅਦ ਹੁਣ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਦਰਅਸਲ ਪੈਰਿਸ ਨੇ ਪੰਘਾਲ ਅਤੇ ਉਸ ਦੇ ਸਾਥੀਆਂ ਨੂੰ ਅਨੁਸ਼ਾਸਨਹੀਣਤਾ ਕਾਰਨ ਪੈਰਿਸ ਤੋਂ ਡਿਪੋਰਟ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਅੰਤਿਮ ਪੰਘਾਲ ਬੁੱਧਵਾਰ ਨੂੰ ਔਰਤਾਂ ਦੇ 53 ਕਿਲੋਗ੍ਰਾਮ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਤੁਰਕੀ ਦੀ ਜ਼ੈਨੇਪ ਯੇਟਗਿਲ ਤੋਂ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਸੀ।
ਇਸ ਤੋਂ ਬਾਅਦ ਉਹ ਇੱਕ ਹੋਟਲ ’ਚ ਵਾਪਸ ਆ ਗਈ, ਜਿੱਥੇ ਉਸ ਦੇ ਕੋਚ ਅਤੇ ਭੈਣ ਨਿਸ਼ਾ ਠਹਿਰੇ ਹੋਏ ਸੀ। ਇਸ ਤੋਂ ਬਾਅਦ ਅੰਤਿਮ ਪੰਘਾਲ ਨੇ ਆਪਣਾ ਪਛਾਣ ਪੱਤਰ (ਐਂਟਰੀ ਕਾਰਡ/ਮਾਨਤਾ ਪ੍ਰਾਪਤ ਕਾਰਡ) ਆਪਣੀ ਭੈਣ ਨਿਸ਼ਾ ਨੂੰ ਸੌਂਪ ਦਿੱਤਾ ਤਾਂ ਤੇ ਉਸ (ਅੰਤਿਮ ਪੰਘਾਲ) ਦਾ ਸਮਾਨ ਉਲੰਪਿਕ ਪਿੰਡ ’ਚੋਂ ਵਾਪਸ ਲਿਆਉਣ ਲਈ ਕਿਹਾ। ਹਾਲਾਂਕਿ, ਉਸਦੀ ਭੈਣ ਨਿਸ਼ਾ ਸਮਾਨ ਲੈਣ ਲਈ ਉਲੰਪਿਕ ਪਿੰਡ ’ਚ ਦਾਖਲ ਤਾਂ ਹੋ ਗਈ ਪਰ ਵਾਪਸ ਆਉਣ ਸਮੇਂ ਉਸਨੂੰ ਸੁਰੱਖਿਆ ਕਰਮਚਾਰੀਆਂ ਨੇ ਫੜ ਲਿਆ। ਫਿਰ ਦੋਵੇਂ ਭੈਣਾਂ ਨੂੰ ਪੁਲਿਸ ਸਟੇਸ਼ਨ ਲਿਜਾ ਕੇ ਬਿਆਨ ਦਰਜ ਕਰਵਾਏ ਗਏ।
ਇਸ ਤੋਂ ਬਾਅਦ ਆਈਓਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਫਰਾਂਸੀਸੀ ਅਧਿਕਾਰੀਆਂ ਦੁਆਰਾ ਅਨੁਸ਼ਾਸਨੀ ਉਲੰਘਣਾਵਾਂ ਨੂੰ ਆਈਓਏ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ, ਭਾਰਤੀ ਓਲੰਪਿਕ ਸੰਘ ਨੇ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਸੰਬੰਧ ’ਚ ਆਈਓਏ ਨੇ ਅਨੁਸ਼ਾਸਨੀ ਉਲੰਘਣਾ ਬਾਰੇ ਕੁਝ ਨਹੀਂ ਦੱਸਿਆ।
ਸੂਤਰਾਂ ਮੁਤਾਬਕ ਸਥਿਤੀ ਉਦੋਂ ਵਿਗੜ ਗਈ, ਜਦੋਂ ਅੰਤਿਮ ਪੰਘਾਲ ਦੇ ਨਿੱਜੀ ਸਹਾਇਕ ਸਟਾਫ ਵਿਕਾਸ ਅਤੇ ਕੋਚ ਭਗਤ ਨੇ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ਵਿੱਚ ਇੱਕ ਕੈਬ ਵਿੱਚ ਸਫ਼ਰ ਕੀਤਾ ਅਤੇ ਕੈਬ ਚਾਲਕ ਨੂੰ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਕੈਬ ਚਾਲਕ ਨੇ ਕਿਰਾਏ ਦੀ ਵਸੂਲੀ ਲਈ ਨੇ ਪੁਲਿਸ ਨੂੰ ਬੁਲਾ ਲਿਆ। ਹਾਲਾਂਕਿ ਸੰਪਰਕ ਕਰਨ ’ਤੇ ਵਿਕਾਸ ਨੇ ਅਜਿਹੀ ਕਿਸੇ ਵੀ ਘਟਨਾ ’ਚ ਸ਼ਾਮਿਲ ਹੋਣ ਤੋਂ ਇੰਨਕਾਰ ਕਰ ਦਿੱਤਾ।