ਦੀਨਾਨਗਰ : ਸਾਉਣੀ ਦੇ ਚਾਲੂ ਸੀਜ਼ਨ ਦੌਰਾਨ ਸੂਬੇ ਅੰਦਰ ਪੈਦਾ ਹੋਈ ਯੂਰੀਆ ਖਾਦ ਦੀ ਭਾਰੀ ਕਿੱਲਤ ਦੌਰਾਨ ਜਿੱਥੇ ਕਿਸਾਨਾਂ ਨੂੰ ਅਪਣੀਆਂ ਫਸਲਾਂ ਲਈ ਇਕ-ਇਕ ਬੈਗ ਯੂਰੀਆ ਖਾਦ ਦਾ ਖਰੀਦਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਹੀ ਹੈ। ਉੱਥੇ ਹੀ ਅੱਜ ਖੇਤੀਬਾੜੀ ਵਿਭਾਗ ਨੇ ਦੀਨਾਨਗਰ ਨੇੜਲੇ ਪਿੰਡ ਚੱਕ ਅਲੀਆ ਸਥਿਤ ਐਥਨੋਲ ਪਲਾਂਟ ਵੀਆਰਵੀ ਹੋਸਪਿਟੈਲਿਟੀ ਵਿਖੇ ਛਾਪਾ ਮਾਰ ਕੇ ਪਲਾਂਟ ਦੇ ਅੰਦਰੋਂ ਖੇਤੀ ਖੇਤਰ ਲਈ ਇਸਤੇਮਾਲ ਹੋਣ ਵਾਲੀ ਯੂਰੀਆ ਖਾਦ ਦੇ 84 ਬੈਗ ਭਰੇ ਹੋਏ ਅਤੇ 200 ਦੇ ਕਰੀਬ ਖਾਲੀ ਬਰਾਮਦ ਕੀਤੇ ਹਨ।
ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠਾ ਇਕ ਟੀਮ ਨੇ ਅਚਾਨਕ ਵੀਆਰਵੀ ਹੋਸਪਿਟੈਲਿਟੀ ਚੱਕ ਅਲੀਆ ਵਿਖੇ ਛਾਪੇਮਾਰੀ ਕੀਤੀ। ਇਸ ਦੌਰਾਨ ਐੱਸ ਡੀ ਐੱਮ ਦੀਨਾਨਗਰ ਜਸਪਿੰਦਰ ਸਿੰਘ ਵੀ ਸ਼ਾਮਿਲ ਸਨ, ਉਨ੍ਹਾਂ ਵੱਲੋਂ ਐਥਨੌਲ ਪਲਾਂਟ ਦੇ ਅੰਦਰੋਂ ਖੇਤੀ ਖੇਤਰ ਲਈ ਵਰਤੀ ਜਾਣ ਵਾਲੀ ਯੂਰੀਆ ਖਾਦ ਦੇ 84 ਭਰੇ ਹੋਏ ਅਤੇ 200 ਵਰਤੇ ਗਏ ਬੈਗ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਰੀਬ ਦੋ ਘੰਟੇ ਚੱਲੀ ਕਾਰਵਾਈ ਮਗਰੋਂ ਜਾਣਕਾਰੀ ਦਿੰਦਿਆਂ ਮੁੱਖ ਜ਼ਿਲ੍ਹਾ ਖੇਤਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਲਾਂਟ ਵੱਲੋਂ ਖੇਤੀ ਸੈਕਟਰ ਲਈ ਇਸਤੇਮਾਲ ਕੀਤੀ ਜਾਣ ਵਾਲੀ ਯੂਰੀਆ ਖਾਦ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਮਗਰੋਂ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਪਲਾਂਟ ਦੇ ਅੰਦਰ ਇਕ ਕੰਟੇਨਰ ਵਿੱਚ ਰੱਖੀ ਹੋਈ ਯੂਰੀਆ ਖਾਦ ਭਰੇ ਹੋਏ 84 ਬੈਗਾਂ ਦੇ ਇਲਾਵਾ 200 ਵਰਤੇ ਜਾ ਚੁੱਕੇ ਖਾਲੀ ਬੈਗ ਬਰਾਮਦ ਕੀਤੇ ਹਨ।