ਵੀਂ ਦਿੱਲੀ : ਸੁਪਰੀਮ ਕੋਰਟ ਨੇ ਅਹਿਮਦਾਬਾਦ ਵਿੱਚ ਹੋਏ ਭਿਆਨਕ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਨੂੰ ਲੈ ਕੇ ਵੱਡਾ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੂੰ ਇਸ ਮਾਮਲੇ ਦੀ ਜਾਂਚ ਰਿਪੋਰਟ 3 ਹਫ਼ਤਿਆਂ ਦੇ ਅੰਦਰ ਪੇਸ਼ ਕਰਨ ਲਈ ਕਿਹਾ ਹੈ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੈਮਾਲਿਆ ਬਾਗਚੀ ਦੀ ਬੈਂਚ ਇਸ ਦਰਦਨਾਕ ਹਾਦਸੇ ਦੀ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰ ਰਹੀ ਸੀ।ਦੱਸਣਯੋਗ ਹੈ ਕਿ 12 ਜੂਨ 2025 ਨੂੰ ਏਅਰ ਇੰਡੀਆ ਦੀ ਬੋਇੰਗ 787-8 ਡਰੀਮਲਾਈਨਰ (ਫਲਾਈਟ AI171) ਨੇ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਏਅਰਪੋਰਟ ਲਈ ਉਡਾਣ ਭਰੀ ਸੀ, ਪਰ ਕੁਝ ਦੇਰ ਬਾਅਦ ਹੀ ਇਹ ਹਾਦਸਾਗ੍ਰਸਤ ਹੋ ਗਈ ਸੀ। ਇਸ ਹਾਦਸੇ ਵਿੱਚ 241 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 260 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਸਨ, ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਅਦਾਲਤ ਵਿੱਚ ਐਨਜੀਓ (NGO) ਸੇਫਟੀ ਮੈਟਰਸ ਫਾਊਂਡੇਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਜਾਂਚ ਦੀ ਨਿਰਪੱਖਤਾ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਜਾਂਚ ਟੀਮ ਦੇ 5 ਮੈਂਬਰ ਡੀਜੀਸੀਏ (DGCA) ਦੇ ਹੀ ਹਨ, ਜਿਸ ਕਾਰਨ ਨਿਰਪੱਖਤਾ ‘ਤੇ ਸ਼ੱਕ ਹੁੰਦਾ ਹੈ। ਭੂਸ਼ਣ ਨੇ ਦਾਅਵਾ ਕੀਤਾ ਕਿ 8,000 ਤੋਂ ਵੱਧ ਪਾਇਲਟ ਮੰਨਦੇ ਹਨ ਕਿ ਬੋਇੰਗ 787 ਸੁਰੱਖਿਅਤ ਨਹੀਂ ਹੈ ਅਤੇ ਇਸ ਨੂੰ ਗਰਾਊਂਡ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਮਾਮਲੇ ਦੀ ਸਮਾਨਾਂਤਰ ਜਾਂਚ ਦੀ ਮੰਗ ਵੀ ਕੀਤੀ।

