ਨਵੀਂ ਦਿੱਲੀ : ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਰਾਜ ਸਭਾ ਦੀ ਕਾਰਵਾਈ ਸ਼ੁਰੂਆਤ ਵਿਚ ਹੰਗਾਮੇ ਅਤੇ ਨਾਅਰੇਬਾਜ਼ੀ ਨਾਲ ਹੋਈ। ਸੈਸ਼ਨ ਦੀ ਕਾਰਵਾਈ ਦੌਰਾਨ ਅਹਿਮਦਾਬਾਦ ਵਿਚ ਵਾਪਰੇ ਭਿਆਨਕ ਜਹਾਜ਼ ਹਾਦਸੇ ਦੇ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਜਲੀ ਵੀ ਭੇਟ ਕੀਤੀ ਗਈ। ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਹਵਾਈ ਹਵਾਬਾਜ਼ੀ ਸੁਰੱਖਿਆ ਨਾਲ ਸਬੰਧਤ ਸਵਾਲ ਪੁੱਛੇ ਗਏ ਅਤੇ ਅਹਿਮਦਾਬਾਦ ਜਹਾਜ਼ ਹਾਦਸੇ ਦਾ ਮੁੱਦਾ ਉਠਾਇਆ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਏਅਰ ਇੰਡੀਆ ਹਾਦਸੇ ‘ਤੇ ਰਾਜ ਸਭਾ ਨੂੰ ਸੰਬੋਧਨ ਕੀਤਾ।
ਸੁਰੱਖਿਆ ਨਾਲ ਸਬੰਧਤ ਸਵਾਲਾਂ ‘ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਦੇਸ਼ ਵਿੱਚ ਹਰ ਰੋਜ਼ ਪੰਜ ਲੱਖ ਤੋਂ ਵੱਧ ਲੋਕ ਸੁਰੱਖਿਅਤ ਉਡਾਣ ਭਰ ਰਹੇ ਹਨ ਪਰ ਅਸੀਂ ਇੱਥੇ ਹੀ ਨਹੀਂ ਰੁਕਣ ਵਾਲੇ। ਅਸੀਂ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। ਅਹਿਮਦਾਬਾਦ ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀਆਂ ਨੂੰ ਸਹਾਇਤਾ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸਰਕਾਰ ਮੁਆਵਜ਼ਾ ਨਹੀਂ, ਸਗੋਂ ਪੂਰੀ ਸਹਾਇਤਾ ਦੇਣ ‘ਤੇ ਕੰਮ ਕਰ ਰਹੀ ਹੈ।ਨਾਇਡੂ ਨੇ ਕਿਹਾ, “ਅਸੀਂ ਸੱਚਾਈ ਦੇ ਨਾਲ ਖੜ੍ਹੇ ਹੋਣਾ ਚਾਹੁੰਦੇ ਹਾਂ, ਕਿਸੇ ਹੋਰ ਚੀਜ਼ ਦੇ ਨਾਲ ਨਹੀਂ… ਅਸੀਂ ਜਾਣਨਾ ਚਾਹੁੰਦੇ ਹਾਂ ਕਿ ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਅਸਲ ਵਿੱਚ ਕੀ ਹੋਇਆ ਸੀ ਅਤੇ ਇਹ AAIB ਦੀ ਅੰਤਿਮ ਜਾਂਚ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ।”