ਨੈਸ਼ਨਲ- ਏਅਰ ਇੰਡੀਆ ਏਅਰਲਾਈਨਜ਼ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਹਿਮਦਾਬਾਦ ਪਲੇਨ ਕ੍ਰੈਸ਼ ਕਾਰਨ ਜਿੱਥੇ 270 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ ਹੁਣ ਤੱਕ ਕਈ ਉਡਾਣਾਂ ਰੱਦ ਵੀ ਹੋ ਚੁੱਕੀਆਂ ਹਨ, ਜਿਨ੍ਹਾਂ ‘ਚੋਂ ਕਈਆਂ ਨੂੰ ਬੰਬ ਧਮਕੀ ਤੇ ਤਕਨੀਕੀ ਖ਼ਰਾਬੀ ਕਾਰਨ ਰੱਦ ਕੀਤਾ ਗਿਆ ਹੈ।
ਇਸੇ ਦੌਰਾਨ ਏਅਰਲਾਈਨ ਨੇ ਇਕ ਹੋਰ ਵੱਡੀ ਅਪਡੇਟ ਦਿੰਦੇ ਹੋਏ ਦੱਸਿਆ ਹੈ ਕਿ ਏਅਰ ਇੰਡੀਆ ਨੇ 4 ਅੰਤਰਰਾਸ਼ਟਰੀ ਫਲਾਈਟਾਂ ਸਣੇ ਕੁੱਲ 8 ਫਲਾਈਟਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਨੇ ਦੁਬਈ ਤੋਂ ਚੇਨਈ ਆਉਣ ਵਾਲੀ ਫਲਾਈਟ ਏ.ਆਈ.906, ਦਿੱਲੀ ਤੋਂ ਮੈਲਬੌਰਨ ਜਾਣ ਵਾਲੀ ਏ.ਆਈ.308, ਮੈਲਬੌਰਨ ਤੋਂ ਦਿੱਲੀ ਆਉਣ ਵਾਲੀ ਏ.ਆਈ.309 ਤੇ ਦੁਬਈ ਤੋਂ ਹੈਦਰਾਬਾਦ ਆਉਣ ਵਾਲੀ ਏ.ਆਈ.2204 ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਤੋਂ ਇਲਾਵਾ ਏਅਰ ਇੰਡੀਆ ਨੇ 4 ਘਰੇਲੂ ਉਡਾਣਾਂ ਨੂੰ ਵੀ ਰੱਦ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ‘ਚ ਪੁਣੇ ਤੋਂ ਦਿੱਲੀ ਜਾਣ ਵਾਲੀ ਏ.ਆਈ.874, ਅਹਿਮਦਾਬਾਦ ਤੋਂ ਦਿੱਲੀ ਜਾਣ ਵਾਲੀ ਏ.ਆਈ.456, ਹੈਦਰਾਬਾਦ ਤੋਂ ਮੁੰਬਈ ਜਾਣ ਵਾਲੀ ਏ.ਆਈ.2872 ਤੇ ਚੇਨਈ ਤੋਂ ਮੁੰਬਈ ਜਾਣ ਵਾਲੀ ਏ.ਆਈ.1571 ਸ਼ਾਮਲ ਹਨ। ਏਅਰ ਇੰਡੀਆ ਨੇ ਇਨ੍ਹਾਂ ਫਲਾਈਟਾਂ ਨੂੰ ਰੱਖ-ਰਖਾਅ ਤੇ ਸੰਚਾਲਨ ਕਾਰਨਾਂ ਕਾਰਨ ਰੱਦ ਕੀਤਾ ਹੈ।