ਪਟਿਆਲਾ: ਪਿਛਲੇ ਕਈ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾਵਾਂ ਚੱਲਦੀਆਂ ਰਹੀਆਂ ਹਨ। ਇਸ ਨੂੰ ਲੈ ਕੇ ਪਾਰਟੀ ਵਿਚ ਕੁਝ ਆਗੂਆਂ ਵੱਲੋਂ ਵੱਡੇ ਪੱਧਰ ’ਤੇ ਬਗਾਵਤ ਵੀ ਕੀਤੀ ਗਈ ਪਰ ਸ਼੍ਰੋਮਣੀ ਅਕਾਲੀ ਦਲ ਦੀ ਕੱਟੜ ਵਿਰੋਧੀ ਪਾਰਟੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੱਲੋਂ ਅਕਾਲੀ ਦਲ ਦੀ ਮਜ਼ਬੂਤੀ ਲਈ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਬਣੇ ਰਹਿਣਾ ਬਹੁਤ ਜਰੂਰੀ ਕਰਾਰ ਦਿੱਤਾ ਗਿਆ ਹੈ।
ਇਹ ਹੀ ਨਹੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਗਏ ਇੱਕ ਬਿਆਨ ਵਿਚ ਖੇਤਰੀ ਪਾਰਟੀ ਨੂੰ ਚਲਾਉਣ ਲਈ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਹੋਰ ਲੀਡਰ ਪਾਰਟੀ ਨੂੰ ਚਲਾਉਣ ਦੇ ਸਮਰੱਥ ਦਿਖਾਈ ਨਾ ਦੇਣ ’ਤੇ ਪਾਰਟੀ ਪ੍ਰਧਾਨ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ’ਤੇ ਅਕਾਲੀ ਦਲ ਦੇ ਆਗੂ ਵੀ ਬਾਗੋ-ਬਾਗ ਹਨ। ਇਸ ਬਿਆਨ ਕਾਰਨ ਜਿਹੜੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਦਲੇ ਜਾਣ ਲਈ ਸਰਗਰਮ ਹੋ ਰਹੇ ਸਨ, ਉਨ੍ਹਾਂ ਦੇ ਬਦਲੇ ਸੁਰਾਂ ’ਤੇ ਵੀ ਬ੍ਰੇਕ ਲੱਗ ਗਈ ਹੈ।
ਹਾਲਾਂਕਿ ਇਸ ਪ੍ਰਤੀ ਅਕਾਲੀ ਨੇਤਾਵਾਂ ਦੇ ਖੁਸ਼ੀ ਭਰੇ ਪ੍ਰਤੀਕਰਮ ਸੁਣਨ ਨੂੰ ਮਿਲ ਰਹੇ ਹਨ। ਅਕਾਲੀ ਦਲ ਦੇ ਅਨੇਕਾਂ ਨੇਤਾਵਾਂ ਨੇ ਆਪਣੇ ਦਿੱਤੇ ਪ੍ਰਤੀਕਰਮ ਵਿਚ ਇਸ ਬਿਆਨ ਦੀ ਵਕਾਲਤ ਕਰਦਿਆਂ ਕਿਹਾ ਕਿ ਵਿਰੋਧੀ ਵੀ ਮੰਨਦੇ ਹਨ ਕਿ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਤੋਂ ਬਿਨ੍ਹਾਂ ਕੋਈ ਨਹੀਂ ਚਲਾ ਸਕਦਾ।