ਜਲੰਧਰ ਪੱਛਮੀ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ’ਚ ਉਦੋਂ ਵੱਡੀ ਉੱਥਲ ਪੁੱਥਲ ਦੇਖੀ ਗਈ ਜਦੋਂ ਬੀਤੀ ਦੁਪਹਿਰ ਵੇਲੇ ‘ਆਪ’ ’ਚ ਸ਼ਾਮਲ ਹੋਈ ਸੁਰਜੀਤ ਕੌਰ ਨੇ ਸ਼ਾਮ ਨੂੰ ਮੁੜ ਅਕਾਲੀ ਦਲ ਦਾ ਪੱਲਾ ਫੜ ਲਿਆ। ਇਸੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ’ਤੇ ਸੁਰਜੀਤ ਕੌਰ ’ਤੇ ਦਬਾਅ ਪਾਉਣ ਦਾ ਇਲਜ਼ਾਮ ਲਗਾਇਆ ਜਿਸ ਕਰਕੇ ਸੁਰਜੀਤ ਕੌਰ ਨੂੰ ਆਪਣਾ ਮਨ ਬਦਲ ਕੇ ਵਾਪਸ ਅਕਾਲੀ ਦਲ ’ਚ ਸ਼ਾਮਲ ਹੋਣਾ ਪਿਆ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਸੰਘੇੜਾ ਨੇ ਅਕਾਲੀ ਦਲ ਦੀ ਪਾਰਟੀ ’ਤੇ ਵੱਡਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਖ਼ਤਮ ਹੋ ਚੁੱਕਾ ਹੈ ਤੇ ਉਹ ਆਪਣਾ ਉਮੀਦਵਾਰ ਉਤਾਰਨ ਦੀ ਸਥਿਤੀ ਵਿੱਚ ਵੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਪਾਸੇ ਅਕਾਲੀ ਦਲ ਲੋਕਾਂ ਨੂੰ ਤੱਕੜੀ ਦੇ ਚੋਣ ਨਿਸ਼ਾਨ ‘ਤੇ ਵੋਟ ਨਾ ਪਾਉਣ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਦੂਜੇ ਪਾਸੇ ਉਸੇ ਪਾਰਟੀ ਦਾ ਬਾਗੀ ਧੜਾ ਲੋਕਾਂ ਨੂੰ ਉਸੇ ਚੋਣ ਨਿਸ਼ਾਨ ‘ਤੇ ਵੋਟ ਪਾਉਣ ਦੀ ਗੱਲ ਕਹਿ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਸੁਰਜੀਤ ਕੌਰ ਨੂੰ ਆਪਣਾ ਉਮੀਦਵਾਰ ਵੱਜੋਂ ਚੋਣ ਮੈਦਾਨ ’ਚ ਉਤਾਰਿਆ ਜਾਣਾ ਸੀ ਤਾਂ ਫਿਰ ਹੁਣ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਕਰਨ ਲਈ ਕਿਉਂ ਕਹਿ ਰਹੇ ਹਨ। ਜੇਕਰ ਏਦਾਂ ਹੀ ਕੀਤਾ ਜਾਣਾ ਸੀ ਤਾਂ ਫਿਰ ਸੁਰਜੀਤ ਕੌਰ ਨੂੰ ਉਮੀਦਵਾਰ ਵੱਜੋਂ ਐਲਾਨਿਆ ਹੀ ਕਿਉ ਗਿਆ?