ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਅਕਾਲੀ ਦਲ ਛੱਡ ਕੇ ਆਪਣੇ ਪੂਰੇ ਪਰਿਵਾਰ ਅਤੇ ਸਮਰਥਕਾਂ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਸੁਰਜੀਤ ਕੌਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਵਾਗਤ ਕਰਦੇ ਹੋਏ ਰਸਮੀ ਤੌਰ ’ਤੇ ਪਾਰਟੀ ’ਚ ਸ਼ਾਮਿਲ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਕਾਲੀ ਦਲ ਦੀ ਹਾਲਤ ਤਰਸਯੋਗ ਹੈ, ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੁਰਜੀਤ ਕੌਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਅਕਾਲੀ ਦਲ ਨੇ ਉਨ੍ਹਾਂ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ। ਹਮੇਸ਼ਾ ਦੀ ਤਰ੍ਹਾਂ ਉਹ (ਅਕਾਲੀ ਦਲ) ਆਪਣੇ ਨਿੱਜੀ ਸੁਆਰਥੀ ਏਜੰਡਿਆਂ ਨੂੰ ਲੋਕਾਂ ਅਤੇ ਪੰਜਾਬ ਤੋਂ ਉੱਪਰ ਰੱਖ ਰਹੇ ਹਨ।
ਇਸ ਦੇ ਨਾਲ ਹੀ ਸੁਰਜੀਤ ਕੌਰ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ (ਸੁਰਜੀਤ ਕੌਰ) ਵਰਗੇ ਨੇਤਾਵਾਂ ਦਾ ‘ਆਪ’ ਪਰਿਵਾਰ ‘ਚ ਦਿਲੋਂ ਸਵਾਗਤ ਕਰਦੇ ਹਨ। ਸੁਰਜੀਤ ਕੌਰ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਬਹੁਤ ਹੀ ਧਾਰਮਿਕ ਸ਼ਖ਼ਸੀਅਤਾਂ ਹਨ, ਜਿਨ੍ਹਾਂ ਦੇ ਦਿਲਾਂ ਵਿੱਚ ਪੰਥ, ਪੰਜਾਬ ਅਤੇ ਪੰਜਾਬੀਆਂ ਲਈ ਬਹੁਤ ਹਮਦਰਦੀ ਹੈ। ਉਨ੍ਹਾਂ ਦੇ ਪਤੀ ਜਥੇਦਾਰ ਪ੍ਰੀਤਮ ਸਿੰਘ ਨੇ ਵੀ ਲੋਕਾਂ ਦੀ ਸੇਵਾ ਕੀਤੀ ਅਤੇ ਸੁਰਜੀਤ ਕੌਰ ਖ਼ੁਦ ਦੋ ਵਾਰ ਕੌਂਸਲਰ ਰਹਿ ਚੁੱਕੀ ਹੈ।