ਲੋਕ ਸਭਾ ਚੋਣਾਂ ’ਚ ਇਸ ਵਾਰ ਅਕਾਲੀ ਦਲ ਨੇ ਇੱਕਲਿਆਂ ਹੀ ਚੋਣ ਲੜੀ ਹੈ। ਨਤੀਜਿਆਂ ’ਚ ਭਾਵੇਂ ਅਕਾਲੀ ਦਲ ਨੂੰ ਇੱਕ ਹੀ ਸੀਟ ਮਿਲੀ ਹੈ। ਇਸ ਵਿਚਾਲੇ ਅਕਾਲੀ ਦਲ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਇੰਡੀਆ ਗਠਜੋੜ ਅਤੇ ਐੱਨਡੀਏ ਦਾ ਹਿੱਸਾ ਕਦੇ ਨਹੀਂ ਬਣੇਗਾ। ਇਹ ਬਿਆਨ ਬਠਿੰਡਾ ਲੋਕ ਸਭਾ ਤੋਂ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣੀ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਵਿਰੋਧੀਆਂ ਨੇ ਅਕਾਲੀ ਦਲ ਦੇ ਮੋਦੀ ਦੀ ਝੋਲੀ ‘ਚ ਪੈਣ ਦੀ ਬਿਆਨਬਾਜ਼ੀ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਸਟੈਂਡ, ਕਿਸਾਨੀ ਮੰਗਾਂ, ਪੰਜਾਬ ਦੇ ਹਿੱਤਾਂ ‘ਤੇ ਪਹਿਲਾਂ ਵਾਲੇ ਫੈਸਲੇ ‘ਤੇ ਖੜ੍ਹਾ ਰਹੇਗਾ। ਅਕਾਲੀ ਦਲ ਨਾ ਇੰਡੀਆ ਗਠਜੋੜ ਅਤੇ ਨਾ ਹੀ ਐੱਨਡੀਏ ਦਾ ਹਿੱਸਾ ਬਣੇਗਾ।
ਇਸ ਦੇ ਨਾਲ ਆਮ ਆਦਮੀ ਪਾਰਟੀ ਦੀ ਮੌਜੂਦਾ ਸੂਬੇ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਰਸਿਮਰਤ ਨੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ 13-0 ਸੀਟਾਂ ਦਾ ਬਿਆਨ, ਬਾਦਲਾਂ ਦਾ ਬਠਿੰਡੇ ਤੋਂ ਸਫਾਇਆ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਛਲਾਵਾ ਦਿੱਤਾ। ਅਕਾਲੀ ਦਲ ਨੂੰ ਪੰਜਾਬ ਦੇ ਹਿੱਤ ਪਿਆਰੇ ਹਨ, ਜਿੱਤਾਂ-ਹਾਰਾਂ ਜਾਂ ਕੁਰਸੀਆਂ ਨਹੀਂ। ਕਿਸ ਨੇ ਅਕਾਲੀ ਦਲ ਦਾ ਸਾਥ ਦਿੱਤਾ ਅਤੇ ਕਿਸ ਨੇ ਨਹੀਂ। ਇਸ ਨੂੰ ਯਾਦ ਰੱਖਿਆ ਜਾਵੇਗਾ। ਸਮਾਂ ਆਉਣ ‘ਤੇ ਇਸ ਦਾ ਹਿਸਾਬ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੀਬਾ ਹਰਸਿਮਰਤ ਨੇ ਕਿਹਾ ਕਿ ਉਹ ਆਪਣੀ ਚੌਥੀ ਜਿੱਤ ਨੂੰ ਸੰਸਦ ਵਿੱਚ ਚੁੱਪ ਕਰਕੇ ਬੈਠਣ ਵਿੱਚ ਨਹੀਂ ਗਵਾਉਣਗੇ। ਉਹ ਇੱਕਲੇ ਵੀ ਪੰਜਾਬ ਦੀ ਅਗਵਾਈ ਕਰਨਗੇ।