ਚੰਡੀਗੜ੍ਹ : ਪੰਜਾਬ ‘ਚ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਤਬਾਹੀ ਮਚਾ ਦਿੱਤੀ ਹੈ। ਮੀਂਹ ਕਾਰਨ ਜਿੱਥੇ ਲੋਕਾਂ ਦੇ ਘਰ ਅਤੇ ਫ਼ਸਲਾਂ ਪਾਣੀ ‘ਚ ਡੁੱਬ ਗਈਆਂ ਹਨ, ਉੱਥੇ ਹੀ ਕਈ ਪੁਲ ਅਤੇ ਮਕਾਨ ਵੀ ਢਹਿ ਗਏ ਹਨ। ਮੌਸਮ ਵਿਭਾਗ ਵਲੋਂ ਸੂਬੇ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਵਲੋਂ 26 ਅਤੇ 27 ਤਾਰੀਖ਼ ਨੂੰ ਫਿਰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਵਲੋਂ ਅੱਜ ਲਈ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿਖੇ ਭਾਰੀ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 27 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ ਅਤੇ ਹੋਰ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੌਸਮ ਵਿਭਾਗ ਵਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਖ਼ਾਸ ਕਰਕੇ ਸਰਹੱਦੀ ਇਲਾਕਿਆਂ ਦੇ ਪਿੰਡਾਂ ‘ਚ ਬਾਰਸ਼ ਕਾਰਨ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਔਸਤ ਤਾਪਮਾਨ ਵਿਚ 4.7 ਡਿਗਰੀ ਦੀ ਗਿਰਾਵਟ ਆਈ ਹੈ, ਜੋ ਕਿ ਆਮ ਤਾਪਮਾਨ ਤੋਂ 6.9 ਡਿਗਰੀ ਸੈਲਸੀਅਸ ਘੱਟ ਦੱਸਿਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿਚ 691 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।