ਸੂਬੇ ’ਚ ਲੁੱਟ-ਖੋਹ, ਚੋਰੀ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਆਏ ਦਿਨ ਲੁਟੇਰਿਆਂ ਵੱਲੋਂ ਬੇਖੋਫ਼ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਰਾਏਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਰਛੀਨ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਇੱਕ ਕਿਸਾਨ ਦੇ ਮਕਾਨ ਨੂੰ ਨਿਸ਼ਾਨਾਂ ਬਣਾਉਂਦਿਆ 35-40 ਤੋਲੇ ਸੋਨਾ ਤੇ 20 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਗਈ।
ਜਾਣਕਾਰੀ ਮੁਤਾਬਕ ਪਿੰਡ ਰਛੀਨ-ਬੜੂੰਦੀ ਰੋਡ ‘ਤੇ ਖੇਤਾਂ ਵਿਚ ਦੋ ਚਚੇਰੇ ਭਰਾ ਪ੍ਰਸੋਤਮ ਸਿੰਘ ਪੁੱਤਰ ਦਲੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਰਛੀਨ ਮਕਾਨ ਬਣਾ ਕੇ ਰਹਿੰਦੇ ਹਨ। ਇਸ ਮੌਕੇ ਪੀੜ੍ਹਤ ਮਕਾਨ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਮਕਾਨ ਦਾ ਮੁੱਖ ਗੇਟ ਤੇ ਹੋਰ ਦਰਵਾਜੇ ਬੰਦ ਕਰਕੇ ਆਪੋ-ਆਪਣੇ ਕਮਰਿਆਂ ਵਿਚ ਸੋਂ ਗਏ ਅਤੇ ਅੱਜ ਤੜਕੇ 3.15 ਵਜੇ ਦੇ ਕਰੀਬ ਜਦੋਂ ਉਹ ਉੱਠੇ ਤਾਂ ਉਹਨਾਂ ਦੇਖਿਆ ਕਿ ਘਰ ਦੇ ਅੰਦਰ ਬਣੇ ਸਟੋਰ ਅਤੇ ਹੋਰਨਾਂ ਕਮਰਿਆਂ ਵਿੱਚ ਫਰੋਲਾ ਫਰਾਲੀ ਹੋਈ ਹੈ ਅਤੇ ਸਮਾਨ ਖਿਲਰਿਆ ਪਿਆ ਹੈ। ਇਸ ਦੇ ਨਾਲ ਹੀ ਮਕਾਨ ਮਾਲਿਕ ਨੇ ਦੱਸਿਆ ਕਿ ਇੱਕ ਕਮਰੇ ਦੀ ਖਿੜਕੀ, ਜੋ ਮਕਾਨ ਦੇ ਪਿਛਲੀ ਸਾਈਡ ਇੱਕ ਪਾਸੇ ਵਿਹੜੇ ਅੰਦਰ ਖੁੱਲਦੀ ਹੈ, ਜਿਸ ਦੀ ਗਰਿੱਲ ਪੱਟ ਕੇ ਚੋਰ ਅੰਦਰ ਦਾਖਲ ਹੋਏ ਸੀ। ਇਸ ਦੌਰਾਨ ਕਮਰੇ ਨਾਲ ਲਗਦੇ ਸਟੋਰ ਵਿਚ ਪਈ ਅਲਮਾਰੀ ਦਾ ਦਰਵਾਜਾ ਖੁੱਲ੍ਹਿਆ ਅਤੇ ਇਕ ਪੇਟੀ ਦਾ ਜਿੰਦਾ ਟੁੱਟਿਆ ਹੋਇਆ ਮਿਲਿਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣਾ ਕੀਮਤੀ ਸਮਾਨ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਘਰ ‘ਚ ਪਿਆ 35 ਤੋਂ 40 ਤੋਲ਼ੇ ਦੇ ਕਰੀਬ ਸੋਨਾ ਅਤੇ ਕਰੀਬ 20 ਹਜਾਰ ਦੀ ਨਗਦੀ ਵੀ ਗਾਇਬ ਸੀ।
ਇੰਨਾਂ ਹੀ ਨਹੀਂ ਸਗੋਂ ਬੇਖ਼ੌਫ ਉਕਤ ਚੋਰਾਂ ਨੇ ਚੋਰੀ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਿੱਜ ‘ਚ ਪਿਆ ਦੁੱਧ ਵੀ ਪੀ ਗਏ ਅਤੇ ਜਾਂਦੇ ਹੋਏ ਦੁੱਧ ਵਾਲੇ ਗਲਾਸ ਤੇ ਜੱਗ ਵੀ ਜਿਹੜੀ ਕੰਧ ਉਹ ਟੱਪ ਕੇ ਗਏ, ਉਸ ’ਤੇ ਰੱਖ ਕੇ ਚਲੇ ਗਏ। ਫਿਲਹਾਲ ਪੀੜਤ ਕਿਸਾਨ ਪਰਿਵਾਰ ਨੇ ਪੁਲਿਸ ਚੌਂਕੀ ਲੋਹਟਬੱਦੀ ਅਤੇ ਥਾਣਾ ਸਦਰ ਰਾਏਕੋਟ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ। ਮਾਮਲੇ ਦੀ ਸੂਚਨਾ ਮਿਲਣ ’ਤੇ ਡੀਐਸਪੀ ਰਾਏਕੋਟ ਰਛਪਾਲ ਸਿੰਘ ਢੀਂਡਸਾ ਅਤੇ ਐਸਐਚਓ ਥਾਣਾ ਸਦਰ ਨਰਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਫੋਰੈਂਸਿੰਗ ਟੀਮ ਬੁਲਾ ਕੇ ਬਾਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।