ਚੰਡੀਗੜ੍ਹ : ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦੇ ਸਿਆਸਤ ਨੂੰ ਅਲਵਿਦਾ ਕਹਿਣ ਦੇ ਫ਼ੈਸਲੇ ’ਤੇ ਟਿੱਪਣੀ ਕਰਦਿਆਂ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਅਜੇ ਤੱਕ ਅਨਮੋਲ ਗਗਨ ਮਾਨ ਜਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਇਸ ਲਈ ਉਹ ਇਸ ਵੇਲੇ ਕੋਈ ਟਿੱਪਣੀ ਕਰਨ ਦੀ ਸਥਿਤੀ ‘ਚ ਨਹੀਂ ਹਨ। ਅਮਨ ਅਰੋੜਾ ਨੇ ਕਿਹਾ ਕਿ ਅਨਮੋਲ ਗਗਨ ਮਾਨ ਮੇਰੇ ਲਈ ਛੋਟੀ ਭੈਣਾਂ ਵਰਗੇ ਹਨ ਅਤੇ ਅਸੀਂ ਇਕੱਠੇ ਕੰਮ ਕਰਦੇ ਹਾਂ। ਇਸ ਲਈ ਜੇਕਰ ਕੋਈ ਸਮੱਸਿਆ ਹੈ ਤਾਂ ਅਸੀਂ ਇਕੱਠੇ ਬੈਠਾਂਗੇ ਅਤੇ ਗੱਲਬਾਤ ਕਰਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਨ੍ਹਾਂ ਵਲੋਂ ਅਸਤੀਫ਼ਾ ਦੇਣ ਦਾ ਕੀ ਕਾਰਨ ਹੈ।
ਉਨ੍ਹਾਂ ਕਿਹਾ ਕਿ ਮੈਂ ਸੋਸ਼ਲ ਮੀਡੀਆ ’ਤੇ ਅਨਮੋਲ ਗਗਨ ਮਾਨ ਦੇ ਵਿਚਾਰ ਵੀ ਪੜ੍ਹੇ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਵੀ ਦੌਰੇ ’ਤੇ ਸਨ, ਇਸ ਲਈ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ। ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਨਮੋਲ ਗਗਨ ਮਾਨ ਨੂੰ ਕੋਈ ਸਮੱਸਿਆ ਸੀ ਜਾਂ ਉਹ ਪਾਰਟੀ ਤੋਂ ਨਾਰਾਜ਼ ਸੀ। ਇਹ ਪੁੱਛੇ ਜਾਣ ’ਤੇ ਕਿ ਵਿਧਾਇਕਾ ਅਨਮੋਲ ਗਗਨ ਮਾਨ ਨੇ 3 ਦਿਨ ਪਹਿਲਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਸੀ ਤਾਂ ਅਮਨ ਅਰੋੜਾ ਨੇ ਕਿਹਾ ਕਿ ਉਹ ਇਸ ਬਾਰੇ ਅਜੇ ਕੁੱਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਭਰਾਵਾਂ ਅਤੇ ਭੈਣਾਂ ਵਾਂਗ ਪਾਰਟੀ ਲਈ ਕੰਮ ਕਰਦੇ ਹਾਂ ਅਤੇ ਇਕ-ਦੂਜੇ ਦਾ ਸਤਿਕਾਰ ਕਰਦੇ ਹਾਂ।